ਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਰਾਜਰਾਜਨੀਤੀ
ਸੇਵਾ ਕੇਂਦਰਾਂ ਵਿੱਚ ਆਉਣ ਵਾਲੀਆਂ ਅਰਜ਼ੀਆਂ ਉੱਤੇ ਫਜ਼ੂਲ ਇਤਰਾਜ਼ ਨਾ ਲਗਾਏ ਜਾਣ – ਡਿਪਟੀ ਕਮਿਸ਼ਨਰ
ਸੇਵਾ ਕੇਂਦਰਾਂ ਰਾਹੀਂ 370 ਨਾਗਰਿਕ ਕੇਂਦਰਿਤ ਸੇਵਾਵਾਂ ਮਿਲਦੀਆਂ ਹਨ, ਲੋਕਾਂ ਨੂੰ ਲਾਭ ਲੈਣ ਦਾ ਸੱਦਾ

ਮੋਗਾ, 21 ਦਸੰਬਰ (Charanjit Singh) – ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਜ਼ਿਲ੍ਹਾ ਮੋਗਾ ਵਿੱਚ ਚਲਾਏ ਜਾ ਰਹੇ ਸੇਵਾ ਕੇਂਦਰਾਂ ਦੇ ਪ੍ਰਬੰਧਕਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸੇਵਾ ਕੇਂਦਰਾਂ ਵਿੱਚ ਸੇਵਾ ਪ੍ਰਾਪਤ ਕਰਨ ਲਈ ਲਗਾਈਆਂ ਜਾਣ ਵਾਲੀਆਂ ਅਰਜ਼ੀਆਂ ਉੱਤੇ ਫਜ਼ੂਲ ਇਤਰਾਜ਼ ਨਾ ਲਗਾਏ ਜਾਣ। ਕੌਸ਼ਿਸ਼ ਕੀਤੀ ਜਾਵੇ ਕਿ ਇਹਨਾਂ ਕੇਂਦਰਾਂ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ।
ਸੇਵਾ ਕੇਂਦਰਾਂ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਬੁਲਾਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਆਮ ਤੌਰ ਉੱਤੇ ਦੇਖਣ ਅਤੇ ਸੁਣਨ ਵਿੱਚ ਆਉਂਦਾ ਹੈ ਥੋੜ੍ਹੀ ਜਿਹੀ ਕਮੀ ਪੇਸ਼ੀ ਉੱਤੇ ਵੀ ਵੱਡਾ ਇਤਰਾਜ਼ ਲਗਾ ਕੇ ਅਰਜ਼ੀਕਰਤਾਵਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ ਜੌ ਕਿ ਬਿਲਕੁਲ ਠੀਕ ਨਹੀਂ ਹੈ। ਇਸ ਨਾਲ ਲੋਕਾਂ ਦੇ ਮਨਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਬਾਰੇ ਗ਼ਲਤ ਫਹਿਮੀ ਦਾ ਮਾਹੌਲ ਪੈਦਾ ਹੁੰਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਧ ਤੋਂ ਨਾਗਰਿਕ ਸੇਵਾਵਾਂ ਉਹਨਾਂ ਦੇ ਘਰਾਂ ਨੇੜੇ ਮੁਹੱਈਆ ਕਰਾਉਣ ਲਈ ਉਪਰਾਲਾ ਕੀਤਾ ਗਿਆ ਹੈ। ਸੇਵਾ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ 370 ਤੋਂ ਵਧੇਰੇ ਸੇਵਾਵਾਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਇਕ ਸੇਵਾ ਕੇਂਦਰਾਂ ਰਾਹੀਂ ਸਮਾਂਬੱਧ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਲੋਕ ਪੱਖੀ ਪਹਿਲ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਉਹਨਾਂ ਦੇ ਦਰਾਂ ਉੱਤੇ ਦੇਣ ਲਈ ਵਚਨਬੱਧ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਇਹ ਸਹੂਲਤਾਂ ਸੇਵਾ ਕੇਂਦਰਾਂ ਰਾਹੀਂ ਲੈਣ ਵਿੱਚ ਕਿਸੇ ਵੀ ਤਰ੍ਹਾਂ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਲੋਕਾਂ ਨੂੰ ਇਹਨਾਂ ਸੇਵਾਵਾਂ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਦ੍ਰਿੜ ਭਾਵਨਾ ਨਾਲ ਲੋਕ ਸੇਵਾਵਾਂ ਦੇਣ ਲਈ ਹਮੇਸ਼ਾਂ ਤਿਆਰ ਰਹਿਣ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰ ਸੁਰਿੰਦਰ ਸਿੰਘ, ਜ਼ਿਲ੍ਹਾ ਮੈਨੇਜਰ ਸ਼੍ਰੀ ਰੌਸ਼ਨ ਲਾਲ ਅਤੇ ਹੋਰ ਹਾਜ਼ਰ ਸਨ।




