ਕੋਵਿਡ-19 ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰ 50 ਹਜ਼ਾਰ ਰੁਪਏ ਐਕਸ ਗਰੇਸ਼ੀਆ ਰਾਸ਼ੀ ਲਈ ਆਨ-ਲਾਈਨ ਵੀ ਕਰ ਸਕਦੇ ਅਪਲਾਈ
ਯੋਗ ਪਰਿਵਾਰ ਜ਼ਿਲ੍ਹਾ ਪੱਧਰੀ ਕਮੇਟੀ ਅਤੇ ਸਰਕਾਰੀ ਦਫ਼ਤਰਾਂ ਨਾਲ ਵੀ ਕਰ ਸਕਦੇ ਹਨ ਸੰਪਰਕ - ਵਧੀਕ ਡਿਪਟੀ ਕਮਿਸ਼ਨਰ

ਮੋਗਾ, 21 ਦਸੰਬਰ (Charanjit Singh) -ਪੰਜਾਬ ਸਰਕਾਰ ਵੱਲੋਂ ਕੋਵਿਡ 19 ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਐਕਸ ਗਰੇਸੀਆ ਰਾਸ਼ੀ ਦਿੱਤੀ ਜਾ ਰਹੀ ਹੈ। ਜਿਸ ਲਈ ਯੋਗ ਪਰਿਵਾਰਾਂ ਨੂੰ ਤੁਰੰਤ ਅਪਲਾਈ ਕਰਨਾ ਚਾਹੀਦਾ ਹੈ। ਇਸ ਰਾਸ਼ੀ ਦੀ ਪ੍ਰਾਪਤੀ ਲਈ ਯੋਗ ਪਰਿਵਾਰ ਹੁਣ ਆਨ ਲਾਈਨ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਕਮੇਟੀ ਅਤੇ ਸਰਕਾਰੀ ਦਫ਼ਤਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਹਰਚਰਨ ਸਿੰਘ ਨੇ ਦੱਸਿਆ ਕਿ ਯੋਗ ਪਰਿਵਾਰ http://covidexgratia.punjab.gov.in ਵੈੱਬ ਪੋਰਟਲ ਉੱਤੇ ਜਾਂ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਕੋਲ ਸਿੱਧੇ ਤੌਰ ਉੱਤੇ ਅਪਲਾਈ ਕਰ ਸਕਦੇ ਹਨ। ਇਸ ਕਮੇਟੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ, ਮੁੱਖ ਮੈਡੀਕਲ ਅਫ਼ਸਰ ਅਤੇ ਵਧੀਕ ਮੁੱਖ ਮੈਡੀਕਲ ਅਫ਼ਸਰ ਮੋਗਾ ਨੂੰ ਸ਼ਾਮਿਲ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਬੰਧਤ ਐੱਸ ਡੀ ਐੱਮ ਦਫ਼ਤਰ ਵਿਖੇ ਆਫਲਾਈਨ ਅਰਜੀ ਵੀ ਦਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਰਾਸ਼ੀ ਵੰਡਣ ਦਾ ਕੰਮ ਲਗਾਤਾਰ ਜਾਰੀ ਹੈ। ਹੁਣ ਲੋਕਾਂ ਦੀ ਸਹੂਲਤ ਲਈ ਹੀ ਆਨ ਲਾਈਨ ਵੈਬ ਪੋਰਟਲ ਚਾਲੂ ਕੀਤਾ ਗਿਆ ਹੈ।



