ਗੈਰ ਕਾਨੂੰਨੀ ਭਰੂਣ ਜਾਂਚ ਉੱਪਰ ਲਿਆ ਸਖਤ ਐਕਸ਼ਨ-ਸਿਵਲ ਸਰਜਨ
ਸਿਹਤ ਵਿਭਾਗ ਦੀ ਟੀਮ ਵੱਲੋਂ ਸਵੇਰਾ ਹਸਪਤਾਲ ਉੱਪਰ ਪਾਈ ਰੇਡ

ਮੋਗਾ, 28 ਜੂਨ ( Charanjit Singh ) ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਨੂੰ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਨਿਰਦੇਸ਼ ਪ੍ਰਾਪਤ ਹੋਣ ਤੇ ਪੀ.ਐਨ.ਡੀ.ਟੀ. ਟੀਮ ਹਿਸਾਰ (ਹਰਿਆਣਾ) ਦੇ ਨਾਲ ਮਿਲ ਕੇ ਮੋਗਾ ਦੇ ਇੱਕ ਸਕੈਨ ਸੈਂਟਰ ਤੇ ਸਾਝੇ ਤੋਰ ਤੇ ਰੇਡ ਕਰਨੀ ਹੈ। ਇਸ ਰੇਡ ਬਾਰੇ ਜਿਲਾ ਪ੍ਰਸ਼ਾਸ਼ਨ ਨੂੰ ਤੁਰੰਤ ਸੂਚਿਤ ਕੀਤਾ ਗਿਆ। ਉੱਚ ਅਧਿਕਾਰੀਆਂ ਦੇ ਹੁਕਮਾਂ ਮੁਤਾਬਿਕ ਸਿਵਲ ਸਰਜਨ ਮੋਗਾ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਸਿਹਤ ਵਿਭਾਗ ਮੋਗਾ ਦੀ ਟੀਮ ਦਾ ਗਠਨ ਕੀਤਾ। ਜਿਸ ਵਿੱਚ ਡਾ. ਅਸ਼ੋਕ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫਸਰ ਮੋਗਾ, ਡਾ. ਇੰਦਰਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਡਰੋਲੀ ਭਾਈ, ਡਾ. ਹਰਪ੍ਰੀਤ ਸਿੰਘ ਗਰਚਾ ਰੇਡੀਲੀਓਜਿਸਟ ਸਿਵਲ ਹਸਪਤਾਲ ਮੋਗਾ, ਡਾ. ਮਨੀਸ਼ਾ ਗੁਪਤਾ ਗਾਇਨਾਕੋਲੋਜਿਸਟ ਸਿਵਲ ਹਸਪਤਾਲ ਮੋਗਾ ਅਤੇ ਸਾਜਨ ਕੰਪਿਊਟਰ ਅਪਰੇਟਰ ਕਮ ਪੀ.ਐਨ.ਡੀ.ਟੀ. ਕੋਆਰਡੀਨੇਟਰ ਵੀ ਸ਼ਾਮਿਲ ਸਨ।
ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਰਸਾ/ਹਿਸਾਰ (ਹਰਿਆਣਾ) ਦੀ ਟੀਮ ਨਾਲ ਮਿਲ ਕੇ ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਸਵੇਰਾ ਹਸਪਤਾਲ ਲੰਢੇ ਕੇ ਅੰਮ੍ਰਿਤਸਰ ਰੋਡ ਮੋਗਾ ਵਿਖੇ ਪਹੁੰਚ ਕੇ ਸਾਂਝੇ ਤੌਰ ਤੇ ਰੇਡ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾ ਦੱਸਿਆ ਕਿ ਮੋਗਾ ਵਿਖੇ ਸਕੈਨ ਸੈਟਰ ਤੇ ਗੈਰ ਕਾਨੂੰਨੀ ਭਰੂਣ ਜਾਂਚ ਕੀਤੇ ਜਾਣ ਬਾਰੇ ਸੂਚਨਾ ਮਿਲੀ ਸੀ। ਮੌਕੇ ਤੇ ਦਰਜ ਕੀਤੇ ਬਿਆਨਾਂ ਦੇ ਅਧਾਰ ਤੇ ਦੱਸਿਆ ਗਿਆ ਕਿ ਆਰੋਪੀ ਮੋਗਾ ਨਿਵਾਸੀ ਮਨਦੀਪ ਕੌਰ ਨੇ ਭਰੂਣ ਜਾਂਚ ਕਰਨ ਲਈ 50 ਹਜਾਰ ਰੁਪਏ ਦੀ ਮੰਗ ਕੀਤੀ ਸੀ। ਇਸ ਦੌਰਾਨ ਮਨਦੀਪ ਕੌਰ ਦੇ ਸਾਥੀ ਪਵਨ ਸਿੰਘ ਦੇ ਖਾਤੇ ਵਿੱਚ ਆਨਲਾਈਨ 10 ਹਜਾਰ ਰੁਪਏ ਟਰਾਂਸਫਰ ਕੀਤੇ ਗਏ। ਇਸ ਕੰਮ ਲਈ ਪਹਿਲਾਂ ਐਤਵਾਰ ਨੂੰ ਬੁਲਾਇਆ ਗਿਆ ਸੀ। ਫਿਰ ਕੁਝ ਕਾਰਨਾਂ ਕਰਕੇ ਸੋਮਵਾਰ ਨੂੰ ਡਕੋਏ/ਗਰਭਵਤੀ ਮਹਿਲਾ ਨੂੰ ਮੋਗਾ ਬੱਸ ਸਟੈਂਡ ਤੇ ਬੁਲਾਇਆ ਗਿਆ। ਜਦੋਂ ਡਕੋਏ ਮਰੀਜ ਬੱਸ ਸਟੈਂਡ ਤੇ ਪਹੁੰਚਿਆ ਤਾਂ ਦੋਨੋ ਆਰੋਪੀ ਉਥੇ ਆਏ ਅਤੇ ਉਸ ਤੋਂ ਬਾਕੀ 40 ਹਜਾਰ ਰੁਪਇਆ ਲੈ ਕੇ ਕਟਾਰੀਆ ਆਯੂਰਵੈਦਿਕ ਹਸਪਤਾਲ ਦੱਤ ਰੋਡ ਮੋਗਾ ਵਿਖੇ ਜਾ ਕੇ ਬੀ.ਏ.ਐਮ.ਐਸ. ਡਾ. ਪੰਕਜ ਤੋਂ ਅਲਟਰਾਸਾਉਂਡ ਲਿਖਵਾ ਕੇ ਸਵੇਰਾ ਹਸਪਤਾਲ ਸੈਂਟਰ ਲੰਡੇਕੇ ਅੰਮ੍ਰਿਤਸਰ ਰੋਡ ਵਿਖੇ ਲੈ ਗਏ, ਸਕੈਨ ਕਰਨ ਵਾਲੇ ਡਾਕਟਰ ਦੇ ਆਉਣ ਤੇ ਤਕਰੀਬਨ 5 ਵਜੇ ਡਕੋਏ ਗਰਭਵਤੀ ਮਹਿਲਾ ਦਾ ਸਕੈਨ ਕੀਤਾ ਗਿਆ। ਅਲਟਰਾਸਾਉਂਡ ਕਰਵਾਉਣ ਤੋਂ ਬਾਅਦ ਮਨਦੀਪ ਕੌਰ ਨੇ ਪਵਨ ਸਿੰਘ ਨੂੰ ਵੱਟਸਐਪ ਤੇ ਰਿਪੋਰਟ ਭੇਜੀ। ਉਸ ਸਮੇਂ ਪੁਲਿਸ ਵੱਲੋਂ ਮਨਦੀਪ ਕੌਰ ਅਤੇ ਪਵਨ ਸਿੰਘ ਨੂੰ ਕਾਬੂ ਕਰ ਲਿਆ ਗਿਆ ਅਤੇ ਉਨ੍ਹਾਂ ਤੋਂ 38,500 ਰੁਪਏ ਮੌਕੇ ਤੇ ਬਰਾਮਦ ਕੀਤੇ ਗਏ। ਸਿਹਤ ਵਿਭਾਗ ਦੀ ਟੀਮ ਵੱਲੋਂ ਪਵਨ ਸਿੰਘ ਤੇ ਮਨਦੀਪ ਕੌਰ ਵਿਰੁੱਧ ਐਫ.ਆਈ.ਆਰ. ਦਰਜ ਕਰਵਾਉਣ ਦੀ ਸੂਚਨਾ ਅਤੇ ਮੁਕੰਮਲ ਜਾਂਚ ਲਈ ਲੋੜੀਂਦੇ ਦਸਤਾਵੇਜ ਪੁਲਿਸ ਨੂੰ ਦਿੱਤੇ ਗਏ। ਮੌਕੇ ਤੇ ਪਵਨ ਸਿੰਘ ਤੇ ਮਨਦੀਪ ਕੌਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।




