ਜਿ਼ਲ੍ਹਾ ਵਿੱਚ ਮੂੰਗੀ ਦੀ ਖਰੀਦ ਮੋਗਾ ਅਤੇ ਬੱਧਨੀਂ ਕਲਾਂ ਮੰਡੀਆਂ ਵਿੱਚ ਨਿਰਵਿਘਨ ਜਾਰੀ
ਸਾਰੇ ਪ੍ਰਬੰਧ ਮੁਕੰਮਲ, ਹੁਣ ਤੱਕ 45 ਕੁਇੰਟਲ ਮੂੰਗੀ ਦੀ ਹੋਈ ਖ੍ਰੀਦ, ਆਂਕੜਾ 5 ਹਜ਼ਾਰ ਐਮ.ਟੀ. ਤੱਕ ਜਾਣ ਦੀ ਸੰਭਾਵਨਾ-ਹਰਦੀਪ ਸਿੰਘ ਚਾਹਲ

ਮੋਗਾ, 12 ਜੂਨ,(ਚਰਨਜੀਤ ਸਿੰਘ) :ਪੰਜਾਬ ਸਰਕਾਰ ਦੇ ਉੱਦਮ ਸਦਕਾ, ਕਿਸਾਨਾਂ ਦੀ ਭਲਾਈ ਲਈ ਮੂੰਗੀ ਦੀ ਖਰੀਦ ਘੱਟ ਤੋਂ ਘੱਟ ਸਮੱਰਥਨ ਮੁੱਲ ’ਤੇ ਮਾਰਕਫੈੱਡ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਖਰੀਦ ਸੀਜਨ 2022-23 ਦੌਰਾਨ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਰਕਫੈੱਡ ਵੱਲੋਂ ਮੂੰਗੀ ਦੀ ਖਰੀਦ ਦੇ ਨਿਸ਼ਚਿਤ ਕੀਤੇ ਗਏ ਘੱਟੋ ਘੱਟ ਸਮੱਰਥਨ ਮੁੱਲ ਜੋ ਕਿ 7275/- ਰੁਪਏ ਪ੍ਰਤੀ ਕੁਇੰਟਲ ਹੈ, ’ਤੇ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਉਨਾਂ ਦੀ ਫ਼ਸਲ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।
ਇਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਮੈਨੇਜਰ ਮਾਰਕਫੈੱਡ ਸ੍ਰੀ ਹਰਦੀਪ ਸਿੰਘ ਚਾਹਲ ਨੇ ਦੱਸਿਆ ਕਿ ਮਾਰਕਫੈੱਡ ਮੋਗਾ ਦੇ ਦੋ ਖਰੀਦ ਕੇਂਦਰ ਮੋਗਾ ਅਤੇ ਬੱਧਨੀਂ ਕਲਾਂ ਵਿਖੇ ਮੂੰਗੀ ਦੀ ਖਰੀਦ 1 ਜੂਨ, 2022 ਤੋਂ ਨਿਰਵਿਘਨ ਜਾਰੀ ਹੈ ਅਤੇ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ।ਉਨ੍ਹਾਂ ਕਿਹਾ ਕਿ ਮੂੰਗੀ ਦੀ ਫ਼ਸਲ ਦੀ ਖਰੀਦ ਲਈ ਸਾਰੇੇ ਲੋੜੀਂਦੇ ਪ੍ਰਬੰਧਕ ਮੁਕੰਮਲ ਕਰ ਲਏ ਗਏ ਹਨ ਅਤੇ ਖਰੀਦ ਸੁਚਾਰੂ ਤਰੀਕੇ ਨਾਲ ਜਾਰੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਿ਼ਲ੍ਹਾ ਮੋਗਾ ਵਿੱਚ ਹੁਣ ਤੱਕ 45 ਕੁਟਿੰਟਲ ਮੂੰਗੀ ਦੀ ਘੱਟ ਤੋਂ ਘੱਟ ਸਮਰਥਨ ਮੁੱਲ `ਤੇ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕੁੱਲ 5 ਹਜ਼ਾਰ ਮੀਟ੍ਰਿਕ ਟਨ ਮੂੰਗੀ ਦੀ ਖਰੀਦ ਹੋਣ ਦੀ ਸੰਭਾਵਨਾ ਹੈ।
ਹਰਦੀਪ ਸਿੰਘ ਚਾਹਲ ਨੇ ਅੱਗੇ ਦੱਸਿਆ ਕਿ ਇਹ ਖਰੀਦ ਮਿਤੀ 31.07.2022 ਤੱਕ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਕੋਆਪ੍ਰੇਟਿਵ ਮਾਰਕਿਟਿੰਗ ਸੋਸਾਇਟੀ/ਪ੍ਰਾਇਮਰੀ ਐਗਰੀਕਲਚਰ ਕੋਆਪ੍ਰੇਟਿਵ ਸੋਸਾਇਟੀ ਵੱਲੋਂ ਉਪਰੋਕਤ ਦੋ ਮੰਡੀਆਂ ਵਿੱਚ ਕੀਤੀ ਜਾਵੇਗੀ। ਇਸ ਸੰਬੰਧੀ ਕਿਸਾਨਾਂ ਦੇ ਭੌਂ ਵੇਰਵੇ ਅਤੇ ਮੌਕੇ ’ਤੇ ਲੱਗੀ ਫ਼ਸਲ ਸੰਬੰਧੀ ਗਿਰਦਾਵਰੀ ਦੇ ਵੇਰਵੇ ਅਨਾਜ ਖਰੀਦ ਪੋਰਟਲ ਉੱਤੇ ਦਰਜ ਕਰਨੇ ਅਤੇ ਪਟਵਾਰੀ ਤੋਂ ਤਸਦੀਕ ਕਰਵਾਉਣੇ ਲਾਜ਼ਮੀ ਹਨ।
ਸ੍ਰੀ ਚਾਹਲ ਨੇ ਸਰਕਾਰ ਦੇ ਇਸ ਉਪਰਾਲੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਅਤੇ ਵੱਧ ਤੋਂ ਵੱਧ ਲਾਭ ਲੈਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੂੰਗੀ ਦੀ ਖਰੀਦ ਉੱਤੇ ਸਰਕਾਰ ਵੱਲੋਂ ਦਿੱਤੇ ਘੱਟੋ ਘੱਟ ਸਮੱਰਥਨ ਮੁੱਲ ਦਾ ਲਾਭ ਉਠਾਇਆ ਜਾਵੇ ਅਤੇ ਆਪਣੀ ਮੂੰਗੀ ਨੂੰ ਮੰਡੀ ਵਿੱਚ ਲਿਆਂਦਾ ਜਾਵੇ ਤਾਂ ਜੋ ਮੂੰਗੀ ਦੀ ਖਰੀਦ ਨੂੰ ਸਫ਼ਲ ਬਣਾਇਆ ਜਾ ਸਕੇ।




