ਜ਼ਿਲ੍ਹਾ ਮੋਗਾ ਦੇ 200 ਖਾਧ ਪਦਾਰਥ ਵਿਕਰੇਤਾਵਾਂ ਨੂੰ ਦਿੱਤੀ ਜਾਵੇਗੀ ਸਵੱਛਤਾ ਸਬੰਧੀ ਸਿਖਲਾਈ
ਨਾਮਵਰ ਸੰਸਥਾ ' ਨਾਸਵੀ ' ਵੱਲੋਂ ਨੈਸਲੇ ਦੇ ਸਹਿਯੋਗ ਨਾਲ ਸਿਖਲਾਈ ਸ਼ੁਰੂ

ਮੋਗਾ, 9 ਜੂਨ (ਚਰਨਜੀਤ ਸਿੰਘ) – ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਮੋਗਾ ਦੇ 200 ਤੋਂ ਵਧੇਰੇ ਖਾਧ ਪਦਾਰਥ ਵਿਕਰੇਤਾਵਾਂ ਨੂੰ ਸਵੱਛਤਾ ਸਬੰਧੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਸਟਰੀਟ ਭੋਜਨ ਮੁਹਈਆ ਕਰਵਾਇਆ ਜਾ ਸਕੇ। ਇਸ ਸਬੰਧੀ ਪ੍ਰੋਜੈਕਟ ਸਰਵ ਸੇਫ ਫੂਡ ਸਬੰਧੀ ਇਕ ਸਿਖਲਾਈ ਪ੍ਰੋਗਰਾਮ ਅੱਜ ਨੈਸਲੇ ਦੇ ਸਹਿਯੋਗ ਨਾਲ ਇੱਥੇ ਸ਼ੁਰੂ ਹੋਇਆ ਜਿਸ ਵਿੱਚ ਸ਼੍ਰੀਮਤੀ ਨੀਲਿਮਾ ਸਿੰਘ ਮੈਨੇਜਿੰਗ ਡਾਇਰੈਕਟਰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਤੇ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਨੇ ਵਿਸ਼ੇਸ਼ ਤੌਰ ਉੱਤੇ ਭਾਗ ਲਿਆ। ਇਹ ਪ੍ਰੋਗਰਾਮ ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਤਹਿਤ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਰੱਖੇ ਸਿਖ਼ਲਾਈ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਵਿਭਾਗ ਵੱਲੋਂ ਪਹਿਲੇ ਗੇੜ ਵਿੱਚ ਪੂਰੇ ਸੂਬੇ ਦੇ 3000 ਤੋਂ ਵਧੇਰੇ ਖਾਧ ਪਦਾਰਥ ਵਿਕਰੇਤਾਵਾਂ ਨੂੰ ਸਵੱਛਤਾ ਸਬੰਧੀ ਸਿਖਲਾਈ ਦਿੱਤੀ ਜਾਵੇਗੀ ਜਿਸ ਦੀ ਸ਼ੁਰੂਆਤ ਅੱਜ ਮੋਗਾ ਤੋਂ ਕੀਤੀ ਗਈ ਹੈ। ਉਹਨਾਂ ਖਾਧ ਪਦਾਰਥ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਨੂੰ ਬਚਾਉਣ ਲਈ ਲੋਕਾਂ ਨੂੰ ਸਾਫ਼ ਸੁਥਰਾ ਭੋਜਨ ਮੁਹਈਆ ਕਰਾਉਣਾ ਲਾਜ਼ਮੀ ਬਣਾਉਣ ਕਿਉਂਕਿ ਜੇਕਰ ਆਮ ਲੋਕਾਂ ਨੂੰ ਸਾਫ ਸੁਥਰਾ ਭੋਜਨ ਨਹੀਂ ਮਿਲੇਗਾ ਤਾਂ ਉਹ ਸਟਰੀਟ ਫੂਡ ਤੋਂ ਮੂੰਹ ਮੋੜ ਲੈਣਗੇ। ਇਸ ਤਰ੍ਹਾਂ ਸਟਰੀਟ ਖਾਧ ਪਦਾਰਥ ਵਿਕਰੇਤਾਵਾਂ ਨੂੰ ਆਪਣਾ ਰੋਜ਼ਗਾਰ ਬਚਾਉਣਾ ਮੁਸ਼ਕਿਲ ਹੋ ਜਾਵੇਗਾ। ਉਹਨਾਂ ਕਿਹਾ ਕਿ ਕੁਝ ਦਿਨ ਮੋਗਾ ਵਿਚ ਨਾਵਸੀ (ਨੈਸ਼ਨਲ ਐਸੋਸੀਏਸ਼ਨ ਆਫ ਸਟਰੀਟ ਵੇਂਡਰਜ਼ ਆਫ ਇੰਡੀਆ) ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ ਇਸ ਤੋਂ ਬਾਅਦ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਹੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਸਟਰੀਟ ਵੈਂਡਰਜ਼ ਨੂੰ ਕਿੱਟਾਂ ਦੀ ਵੀ ਵੰਡ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਦੀ ਉਪਜੀਵਕਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਹਨਾਂ ਸਟਰੀਟ ਵੈਂਡਰਜ਼ ਨੂੰ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰਾ ਭੋਜਨ ਦਿਓ ਨਹੀਂ ਤਾਂ ਲੋਕ ਮਹਿੰਗੀਆਂ ਜਗਾਵਾਂ ਉੱਤੇ ਜਾਣਗੇ ਅਤੇ ਉਹਨਾਂ ਦਾ ਰੋਜ਼ਗਾਰ ਬੰਦ ਹੋ ਜਾਵੇਗਾ। ਉਹਨਾਂ ਕਿਹਾ ਕਿ ਭੋਜਨ ਵਿੱਚ ਮਿਲਾਵਟ ਨਾ ਕੀਤੀ ਜਾਵੇ ਅਤੇ ਲੋਕਾਂ ਦੀ ਸਿਹਤ ਨਾਲ ਨਾ ਖੇਡਿਆ ਜਾਵੇ। ਉਹਨਾਂ ਕਿਹਾ ਕਿ ਉਹਨਾਂ ਦੁਆਰਾ ਤਿਆਰ ਭੋਜਨ ਸਭ ਤੋਂ ਚੰਗਾ ਹੁੰਦਾ ਪਰ ਸਫ਼ਾਈ ਨਾਲ ਬਣਾਓ। ਕਾਰੋਬਾਰ ਵਧਾਉਣ ਲਈ ਵਧੀਆ ਸਰਵਿਸ ਦੇਣੀ ਲਾਜ਼ਮੀ ਹੁੰਦੀ ਹੈ। ਲੋਕਾਂ ਨੂੰ ਸਿਹਤ ਪੱਖੋਂ ਬਿਮਾਰ ਨਾ ਹੋਣ ਦੇਈਏ।
ਉਹਨਾਂ ਕਿਹਾ ਕਿ ਐੱਫ ਐੱਸ ਐੱਸ ਏ ਆਈ ਕੋਲ ਰਜਿਸਟਰੇਸ਼ਨ ਜਰੂਰ ਕਰਾਓ। ਸਵਾਨਿਧੀ ਸਕੀਮ ਤਹਿਤ ਰੇਹੜੀ ਲੈਣ ਲਈ 10 ਹਜ਼ਾਰ ਰੁਪਏ ਕਰਜ਼ਾ ਬਹੁਤ ਘੱਟ ਵਿਆਜ਼ ਉੱਤੇ ਮਿਲਦਾ ਹੈ।
ਇਸ ਮੌਕੇ ਨਾਸਵੀ ਦੀ ਨੁਮਾਇੰਦਾ ਸ਼੍ਰੀਮਤੀ ਸੰਗੀਤਾ ਸਿੰਘ ਨੇ ਆਪਣੀ ਸੰਸਥਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਸਮਾਗਮ ਨੂੰ ਸ਼੍ਰੀਮਤੀ ਰਵਨੀਤ ਕੌਰ ਡਾਇਰੈਕਟਰ ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ, ਨੈਸਲੇ ਦੇ ਫੈਕਟਰੀ ਮੈਨੇਜਰ ਸ਼੍ਰੀ
ਰੋਹਿਤ ਮਿੱਤਲ, ਸ਼੍ਰੀ ਹਰਵਿੰਦਰ ਸਿੰਘ ਹੈਡ ਕਾਰਪੋਰੇਟ ਮਾਮਲੇ ਨੈਸਲੇ, ਸ਼੍ਰੀਮਤੀ ਅਮਨ ਬਜਾਜ ਮੈਨੇਜਰ ਕਾਰਪੋਰੇਟ ਮਾਮਲੇ ਨੈਸਲੇ ਅਤੇ ਹੋਰ ਵੀ ਹਾਜ਼ਰ ਸਨ।




