ਜ਼ਿਲ੍ਹਾ ਮੋਗਾ ਦੇ ਸਾਰੇ ਯੋਗ ਬੱਚਿਆਂ ਦਾ ਖਸਰਾ ਤੇ ਰੁਬੇਲਾ ਟੀਕਾਕਰਨ ਬਣਾਇਆ ਜਾਵੇਗਾ ਯਕੀਨੀ-ਡਿਪਟੀ ਕਮਿਸ਼ਨਰ

ਮੋਗਾ 30 ਨਵੰਬਰ:
ਸਾਲ 2023 ਵਿੱਚ ਖਸਰਾ ਅਤੇ ਰੁਬੇਲਾ ਦੀਆਂ ਬਿਮਾਰੀਆਂ ਨੂੰ ਖਤਮ ਕਰਨ ਦੇ ਅਤੇ ਇਸਦੇ ਸਤ ਫੀਸਦੀ ਟੀਕਾਕਰਨ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਮਨੋਰਥ ਵਜੋਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਦੀ ਮੀਟਿੰਗ ਬੁਲਾਈ। ਉਨ੍ਹਾਂ ਦੱਸਿਆ ਕਿ ਖਸਰਾ ਅਤੇ ਰੁਬੇਲਾ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਟੀਕਾਕਰਨ ਦੀਆਂ ਦੋ ਖੁਰਾਕਾਂ ਲੱਗਣੀਆਂ ਲਾਜ਼ਮੀ ਹਨ। ਪਹਿਲੀ ਖੁਰਾਕ 9 ਮਹੀਨੇ ਦੀ ਉਮਰ ਵਿੱਚ ਦੂਸਰੀ ਖੁਰਾਕ 16 ਤੋਂ 24 ਮਹੀਨਿਆਂ ਦੀ ਉਮਰ ਵਿੱਚ ਬੱਚਿਆਂ ਦੇ ਲੱਗਣੀ ਜਰੂਰੀ ਹੈ। ਮੀਟਿੰਗ ਵਿੱਚ ਉਨ੍ਹਾਂ ਨਾਲ ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ, ਐਸ.ਡੀ.ਐਮ. ਚਾਰੂ ਮਿਤਾ, ਵਿਸ਼ਵ ਸਿਹਤ ਸੰਗਠਨ ਤੋਂ ਮੇਘਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਸ਼ੋਕ ਸਿੰਗਲਾ ਅਤੇ ਹੋਰ ਵੀ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
ਟੀਕਾਕਰਨ ਦੇ ਟੀਚਿਆਂ ਨੂੰ ਸਤ ਫੀਸਦੀ ਪੂਰਾ ਕਰਨ ਲਈ ਹਾਈ ਰਿਸਕ ਏਰੀਆ ਵਾਲੇ ਬੱਚਿਆਂ ਜਿਵੇਂ ਕਿ ਸਲੱਮ ਏਰੀਆ, ਮਾਈਗ੍ਰੇਟਰੀ, ਭੱਠਿਆਂ ਦੇ ਮਜ਼ਦੂਰਾਂ ਦੇ ਬੱਚਿਆਂ ਆਦਿ ਤੱਕ ਪਹੁੰਚ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਪ੍ਰੋਗਰਮ ਨੂੰ ਸਫ਼ਲ ਬਣਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿੱਤੀਆਂ ਜਾਣ ਵਾਲੀਆਂ ਟ੍ਰੇਨਿੰਗਾਂ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਯੋਗ 95 ਫੀਸਦੀ ਬੱਚਿਆਂ ਨੂੰ ਖਸਰਾ ਅਤੇ ਰੁਬੇਲਾ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ, ਬਾਕੀ ਰਹਿੰਦੀ ਪ੍ਰਤੀਸ਼ਤਾ ਨੂੰ ਪੂਰਾ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੁਖਾਰ ਅਤੇ ਸਰੀਰ ਦੇ ਅੰਗਾਂ ਉੱਪਰ ਦਾਣੇ ਹੋਣਾ ਖਸਰਾ ਅਤੇ ਰੁਬੇਲਾ ਹੋਣ ਦੀਆਂ ਨਿਸ਼ਾਨੀਆਂ ਹਨ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਸਰਕਾਰ ਸਿੰਗਲ ਪਲੇਟਫਾਰਮ ਫਾਰ ਆਲ ਵੈਕਸੀਨੇਸ਼ਨ ਯੂ ਵਿਨ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਜਿਸ ਤਹਿਤ ਮੈਡੀਕਲ ਸਟਾਫ਼ ਨੂੰ ਟ੍ਰੇਨਿੰਗਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਹੜੀਆਂ ਕਿ ਥੋੜੇ ਦਿਨਾਂ ਦੇ ਅੰਦਰ ਅੰਦਰ ਪੂਰੀਆਂ ਹੋ ਜਾਣਗੀਆਂ। ਇਸ ਪ੍ਰੋਗਰਾਮ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਲਈ ਲੱਗਣ ਵਾਲੇ ਸਾਰੇ ਟੀਕਿਆਂ ਦਾ ਲਾਹਾ ਪਹੁੰਚਾਇਆ ਜਾਵੇਗਾ।





