”ਦੀ ਪੰਜਾਬ ਪ੍ਰੀਵੈਨਸ਼ਨ ਆਫ਼ ਡਿਫੇਸਮੈਂਟ ਪ੍ਰਾਪਰਟੀ ਐਕਟ 1997” ਤਹਿਤ ਰਾਜਸੀ ਪਾਰਟੀਆਂ ਅਤੇ ਵਿਭਾਗਾਂ ਨੂੰ ਹਦਾਇਤਾਂ ਜਾਰੀ
ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਅਤੇ ਵਿਭਾਗਾਂ ਦੇ ਮੁੱਖਆਂ ਤੋਂ ਚੋਣ ਪ੍ਰਚਾਰ ਸਮੱਗਰੀ ਹਟਾਉਣ ਦੇ ਮੰਗੇ ਸਰਟੀਫਿਕੇਟ

ਮੋਗਾ, 12 ਜਨਵਰੀ( Charanjit Singh ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ”ਦੀ ਪੰਜਾਬ ਪ੍ਰੀਵੈਨਸ਼ਨ ਆਫ਼ ਡੀਫੇਸਮੈਂਟ ਪ੍ਰਾਪਰਟੀ ਐਕਟ 1997” ਤਹਿਤ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ ਨੂੰ ਪੱਤਰ ਰਾਹੀਂ ਲਿਖਿਆ ਕਿ ਚੋਣ ਪ੍ਰਚਾਰ ਲਈ ਵਰਤੀ ਗਈ ਸਰਕਾਰੀ ਪ੍ਰਾਪਟੀ ਉੱਪਰ ਇਸ਼ਤਿਹਾਰ/ਪੇਟਿੰਗ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਪੱਤਰ ਰਾਹੀਂ ਦੱਸਿਆ ਕਿ ਮਿਥੇ ਸਮੇਂ ਦੇ ਅੰਦਰ-ਅੰਦਰ ਅਜਿਹਾ ਨਾ ਕੀਤਾ ਗਿਆ ਤਾਂ ਸਬੰਧਤ ਪਾਰਟੀ ਦੇ ਖਿਲਾਫ, ”ਦੀ ਪੰਜਾਬ ਪ੍ਰੀਵੈਨਸ਼ਨ ਆਫ਼ ਡੀਫੇਸਮੈਂਟ ਆਫ਼ ਪ੍ਰਾਪਰਟੀ ਐਕਟ 1997” ਦੀ ਧਾਰਾ 3/ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਪ੍ਰਸ਼ਾਸਨ ਵਲੋਂ ਆਪਣੇ ਪੱਧਰ ਤੇ ਚੋਣ ਪ੍ਰਚਾਰ ਹਟਾਉਣ ਸਬੰਧੀ ਜੋ ਵੀ ਖਰਚਾ ਆਵੇਗਾ ਉਸ ਨੂੰ ਸਬੰਧਤ ਪਾਰਟੀ ਦੇ ਖਾਤੇ ਵਿੱਚ ਜੋੜਿਆ ਜਾਵੇਗਾ।
ਉਨ੍ਹਾਂ ਸਮੂਹ ਵਿਭਾਗਾਂ ਤੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਚੋਣਾਂ ਦੌਰਾਨ ਕਿਸੇ ਵੀ ਸਰਕਾਰੀ ਇਮਾਰਤ ਅਤੇ ਸਰਕਾਰੀ ਜਾਇਦਾਦ ਨੂੰ ਡਿਫੇਸ ਕਰਨ ਦੀ ਸਖਤ ਮਨਾਹੀ ਹੈ। ਇਸ ਲਈ ਸਮੂਹ ਜ਼ਿਲ੍ਹਾ ਮੁੱਖੀ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਦਫਤਰ ਦੀ ਇਮਾਰਤ ਅਤੇ ਸਰਕਾਰੀ ਜਾਇਦਾਦ ਉਪਰ ਕੋਈ ਵੀ ਪੋਲਟੀਕਲ ਹੋਰਡਿੰਗ, ਬੈਨਰ, ਝੰਡੇ, ਪੋਸਟਰ ਆਦਿ ਨਾ ਲਗਾਏ ਜਾਣ। ਦਰੱਖਤਾਂ ਲਈ ਵਣ ਵਿਭਾਗ ਦੀ, ਖੰਭਿਆਂ ਤੇ ਪਾਵਰਕਾਮ ਦੀ ਅਤੇ ਸ਼ਹਿਰੀ ਗਲੀਆਂ ਦੇ ਪੋਲਾਂ ਲਈ ਨਗਰ/ਨਿਗਮ ਕੌਂਸਲ ਦੀ ਜਿੰਮੇਵਾਰੀ ਹੋਵੇਗੀ।
ਇਸੇ ਤਰਜ਼ ਦੇ ਬਾਕੀ ਵਿਭਾਗ ਵੀ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣਗੇ। ਇਸ ਦੀ ਨਿਰੋਲ ਨਿੱਜੀ ਜਿੰਮੇਵਾਰੀ ਵਿਭਾਗ ਦੇ ਮੁੱਖੀ ਦੀ ਹੋਵੇਗੀ ਅਤ”ਦੀ ਪੰਜਾਬ ਪ੍ਰੀਵੈਨਸ਼ਨ ਆਫ਼ ਡੀਫੇਸਮੈਂਟ ਆਫ਼ ਪ੍ਰਾਪਰਟੀ ਐਕਟ 1997” ਦੀ ਧਾਰਾ 3 ਅਤੇ ਚੋਣ ਨਿਯਮਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਫੌਰੀ ਤੌਰ ਤੇ ਲੱਗੇ ਪੋਲੀਟੀਕਲ ਹੋਰਡਿੰਗ, ਬੈਨਰ, ਝੰਡੇ, ਪੋਸਟਰ ਆਦਿ ਨੂੰ ਹਟਾਉਣ ਸਬੰਧੀ ਕੀਤੀ ਗਈ ਕਾਰਵਾਈ ਦਾ ਸਰਟੀਫਿਕੇਟ ਵੀ ਪੱਤਰ ਜਾਰੀ ਹੋਣ ਦੇ 24 ਘੰਟੇ ਦੇ ਅੰਦਰ ਅੰਦਰ ਸਬੰਧਤ ਨੋਡਲ ਅਫ਼ਸਰ ਨੂੰ ਜਮ੍ਹਾਂ ਕਰਵਾਉਣ ਦੇ ਆਦੇਸ਼ ਕੀਤੇ।
ਉਨ੍ਹਾਂ ਪੱਤਰ ਜਰੀਏ ਲਿਖਿਆ ਕਿ ਜੇਕਰ ਕਿਸੇ ਵਿਭਾਗ ਵੱਲੋਂ ਮਾਡਲ ਕੋਡ ਆਫ਼ ਕੰਡਕਟ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸਦੀ ਜਿੰਮੇਵਾਰੀ ਉਸ ਵਿਭਾਗ ਦੇ ਮੁਖੀ ਦੀ ਹੋਵੇਗੀ ਅਤੇ ਚੋਣ ਨਿਯਮਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।




