ਜ਼ਿਲ੍ਹਾ ਵਿੱਚ ਮੂੰਗੀ ਦੀ ਖਰੀਦ ਲਈ ਮਾਰਕਫੈੱਡ ਦੇ ਦੋ ਖਰੀਦ ਕੇਂਦਰ ਹੋਏ ਨਿਸ਼ਚਿਤ ਖਰੀਦ ਕੇਂਦਰਾਂ ਜਰੀਏ ਮਾਰਕਫੈੱਡ ਘੱਟ ਤੋਂ ਘੱਟ ਸਮਰਥਨ ਮੁੱਲ ‘ਤੇ ਖਰੀਦੇਗਾ ਮੂੰਗੀ-ਹਰਦੀਪ ਸਿੰਘ ਚਾਹਲ

ਮੋਗਾ, 8 ਜੂਨ, (ਚਰਨਜੀਤ ਸਿੰਘ): ਪੰਜਾਬ ਸਰਕਾਰ ਦੇ ਉੱਦਮ ਸਦਕਾ, ਕਿਸਾਨਾਂ ਦੀ ਭਲਾਈ ਲਈ ਮੂੰਗੀ ਦੀ ਖਰੀਦ ਘੱਟ ਤੋਂ ਘੱਟ ਸਮੱਰਥਨ ਮੁੱਲ ‘ਤੇ ਮਾਰਕਫੈੱਡ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਖਰੀਦ ਸੀਜਨ 2022-23 ਦੌਰਾਨ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਰਕਫੈੱਡ ਵੱਲੋਂ ਮੂੰਗੀ ਦੀ ਖਰੀਦ ਦੇ ਨਿਸ਼ਚਿਤ ਕੀਤੇ ਗਏ ਘੱਟੋ ਘੱਟ ਸਮੱਰਥਨ ਮੁੱਲ ਜੋ ਕਿ 7275/- ਰੁਪਏ ਪ੍ਰਤੀ ਕੁਇੰਟਲ ਹੈ, ‘ਤੇ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।
ਇਨ੍ਹਾਂ ਸਬ਼ਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮੈਨੇਜਰ ਮਾਰਕਫੈੱਡ ਸ੍ਰੀ ਹਰਦੀਪ ਸਿੰਘ ਚਾਹਲ ਨੇ ਦੱਸਿਆ ਕਿ ਮਾਰਕਫੈੱਡ ਮੋਗਾ ਦੇ ਦੋ ਖਰੀਦ ਕੇਂਦਰ ਮੋਗਾ ਅਤੇ ਨਿਹਾਲ ਸਿੰਘ ਵਾਲਾ ਮੂੰਗੀ ਦੀ ਖਰੀਦ ਲਈ ਨਿਸ਼ਚਿਤ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੋਗਾ ਮੰਡੀ ਲਈ ਇੰਸਪੈਕਟਰ ਹਰਮਨਜਿੰਦਰ ਸਿੰਘ ਦੇ ਮੋਬਾਇਲ ਨੰਬਰ 98767-43034 ਅਤੇ ਨਿਹਾਲ ਸਿੰਘ ਵਾਲਾ ਮੰਡੀ ਦੇ ਇੰਸਪੈਕਟਰ ਸਾਵਨਪ੍ਰੀਤ ਸਿੰਘ ਦੇ ਮੋਬਾਇਲ ਨੰਬਰ 99149-49101 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਹਰਦੀਪ ਸਿੰਘ ਚਾਹਲ ਨੇ ਅੱਗੇ ਦੱਸਿਆ ਕਿ ਇਹ ਖਰੀਦ ਮਿਤੀ 01.06.2022 ਤੋਂ ਮਿਤੀ 31.07.2022 ਤੱਕ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਕੋਆਪ੍ਰੇਟਿਵ ਮਾਰਕਿਟਿੰਗ ਸੋਸਾਇਟੀ/ਪ੍ਰਾਇਮਰੀ ਐਗਰੀਕਲਚਰ ਕੋਆਪ੍ਰੇਟਿਵ ਸੋਸਾਇਟੀ ਵੱਲੋਂ ਉਪਰੋਕਤ ਦੋ ਮੰਡੀਆਂ ਵਿੱਚ ਕੀਤੀ ਜਾਵੇਗੀ। ਇਸ ਸੰਬੰਧੀ ਕਿਸਾਨਾਂ ਦੇ ਭੌਂ ਵੇਰਵੇ ਅਤੇ ਮੌਕੇ ‘ਤੇ ਲੱਗੀ ਫ਼ਸਲ ਸੰਬੰਧੀ ਗਿਰਦਾਵਰੀ ਦੇ ਵੇਰਵੇ ਅਨਾਜ ਖਰੀਦ ਪੋਰਟਲ ਉੱਤੇ ਦਰਜ ਕਰਨੇ ਅਤੇ ਪਟਵਾਰੀ ਤੋਂ ਤਸਦੀਕ ਕਰਵਾਉਣੇ ਲਾਜ਼ਮੀ ਹਨ।ਮੂੰਗੀ ਦੀ ਗਿਰਦਾਵਰੀ ਵਾਧੂ ਹਾੜੀ ਅਧੀਨ ਕਰਵਾਉਣ ਦੀ ਪ੍ਰੀਕ੍ਰਿਆ ਲਈ ਕਿਸਾਨਾਂ ਦੀ ਆਸਾਨੀ ਲਈ ਈ-ਗਿਰਦਾਵਰੀ ਆਨਲਾਈਨ ਕੀਤੀ ਜਾਵੇਗੀ।
ਸ੍ਰੀ ਚਾਹਲ ਨੇ ਸਰਕਾਰ ਦੇ ਇਸ ਉਪਰਾਲੇ ਵਿੱਚ ਵੱਧ ਤੋਂ ਵੱਧ ਸ਼ਮੂਲਿਅਤ ਕਰਨ ਲਈ ਅਤੇ ਵੱਧ ਤੋਂ ਵੱਧ ਲਾਭ ਲੈਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੂੰਗੀ ਦੀ ਖਰੀਦ ਉੱਤੇ ਸਰਕਾਰ ਵੱਲੋਂ ਦਿੱਤੇ ਘੱਟੋ ਘੱਟ ਸਮੱਰਥਨ ਮੁੱਲ 7275/- ਰੁਪਏ ਦਾ ਲਾਭ ਉਠਾਇਆ ਜਾਵੇ ਅਤੇ ਆਪਣੀ ਮੂੰਗੀ ਨੂੰ ਮੰਡੀ ਵਿੱਚ ਲਿਆਂਦਾ ਜਾਵੇ ਤਾਂ ਜੋ ਮੂੰਗੀ ਦੀ ਖਰੀਦ ਨੂੰ ਸਫਲ ਬਣਾਇਆ ਜਾ ਸਕੇ।




