ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਰੋਜ਼ਗਾਰ ਕੈਂਪ ਆਯੋਜਿਤ
ਭਾਗ ਲੈਣ ਵਾਲੇ 35 ਬੇਰੋਜ਼ਗਾਰਾਂ ਵਿੱਚੋਂ 22 ਦੀ ਮੌਕੇ 'ਤੇ ਰੋਜ਼ਗਾਰ ਲਈ ਚੋਣ-ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਮੋਗਾ, 8 ਜੂਨ, (ਚਰਨਜੀਤ ਸਿੰਘ): ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਪੱਧਰੀ ਰੋਜ਼ਗਾਰ ਦਫ਼ਤਰ ਨੌਜਵਾਨਾਂ ਦੇ ਰੋਜ਼ਗਾਰ ਸਬੰਧੀ ਚੰਗੇ ਭਵਿੱਖ ਵਿੱਚ ਸਹਾਈ ਸਿੱਧ ਹੋ ਰਹੇ ਹਨ। ਦਫ਼ਤਰਾਂ ਵੱਲੋਂ ਵੱਖ ਵੱਖ ਚੰਗੀਆਂ ਕੰਪਨੀਆਂ ਨਾਲ ਮਿਲ ਕੇ ਵੱਡੀ ਗਿਣਤੀ ਵਿੱਚ ਰੋਜ਼ਗਾਰ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਕਾਬਿਲ ਬੱਚਿਆਂ ਨੂੰ ਵਧੀਆ ਰੋਜ਼ਗਾਰ ਦਿਵਾਉਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਅੱਜ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਇੱਕ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਐਸ.ਬੀ.ਆਈ. ਲਾਈਫ਼ ਇੰਸੋਰੈਂਸ ਕੰਪਨੀ ਨੇ ਨੌਜਵਾਨਾਂ ਦੀ ਇੰਟਰਵਿਊ ਜਰੀਏ ਰੋਜ਼ਗਾਰ ਲਈ ਚੋਣ ਕੀਤੀ। ਇਸ ਰੋਜ਼ਗਾਰ ਕੈਂਪ ਵਿੱਚ ਕੁੱਲ 35 ਬੱਚਿਆਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿੱਚੋਂ 22 ਬੱਚਿਆਂ ਨੂੰ ਮੌਕੇ ‘ਤੇ ਹੀ ਰੋਜ਼ਗਾਰ ਲਈ ਚੁਣ ਲਿਆ ਗਿਆ।
ਇਸ ਪ੍ਰੋਗਰਾਮ ਵਿੱਚ ਪਲੇਸਮੈਂਟ ਅਫ਼ਸਰ ਸੋਨੀਆ ਬਾਜਵਾ ਅਤੇ ਬਿਊਰੋ ਦੇ ਕਰੀਅਰ ਕਾਊਂਸਲਰ ਬਲਰਾਜ ਸਿੰਘ ਖਹਿਰਾ ਵੱਲੋਂ ਵਿਦਿਆਰਥੀਆਂ ਨੂੰ ਬਿਊਰੋ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਬਿਊਰੋ ਰਾਹੀਂ ਲਗਾਏ ਜਾ ਰਹੇ ਪਲੇਸਮੈਂਟ ਕੈਂਪ ਅਤੇ ਸਵੈ-ਰੋਜ਼ਗਾਰ ਕੈਂਪਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਹਿੱਸਾ ਲੈ ਕੇ ਵਿਦਿਆਰਥੀ ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ।




