ਡਿਪਟੀ ਕਮਿਸ਼ਨਰ ਵੱਲੋਂ ਉਸਾਰੀ ਕਿਰਤੀਆਂ ਨੂੰ ਲਾਭਪਾਤਰੀ ਵਜੋਂ ਰਜਿਸਟਰਡ ਹੋਣ ਦਾ ਸੱਦਾ
ਸ਼ਗਨ, ਵਜ਼ੀਫਾ, ਐਕਸਗ੍ਰੇਸ਼ੀਆ, ਮੁਫ਼ਤ ਇਲਾਜ਼, ਪੈਨਸ਼ਨ ਸਮੇਤ ਕਈ ਮਿਲਦੀਆਂ ਹਨ

ਮੋਗਾ, 20 ਅਪ੍ਰੈਲ (Charanjit Singh) ਡਿਪਟੀ ਕਮਿਸ਼ਨਰ, ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਜ਼ਿਲ੍ਹਾ ਮੋਗਾ ਨਾਲ ਸਬੰਧਤ ਸਾਰੇ ਉਸਾਰੀ ਕਿਰਤੀਆਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਲਾਭਪਾਤਰੀ ਵਜੋਂ ਰਜਿਸਟਰਡ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਉਹਨਾਂ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਕਿਰਤ ਵਿਭਾਗ ਨਾਲ ਸਬੰਧਤ ਬੋਰਡ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਬੋਰਡ ਅਧੀਨ ਲਾਭਪਾਤਰੀ ਰਜਿਸਟਰਡ ਹੋਣਾ ਜ਼ਰੂਰੀ ਹੈ। ਉਸਾਰੀ ਦੇ ਕੰਮ ਨਾਲ ਸਬੰਧਤ ਕਿਰਤੀ ਜਿਵੇਂ ਰਾਜ ਮਿਸਤਰੀ, ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਤਕਨੀਕੀ/ਕਲੈਰੀਕਲ ਕੰਮ ਕਰਨ ਵਾਲੇ, ਕਿਸੇ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜਕ, ਨਹਿਰਾਂ, ਬਿਜਲੀ ਦੇ ਉਤਪਾਦਨ ਜਾਂ ਵੰਡ, ਟੈਲੀਫੋਨ, ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਤੇ ਉਸਾਰੀ, ਮੁਰੰਮਤ ਦਾ ਕੰਮ ਕਰਨ ਵਾਲੇ ਉਸਾਰੀ ਕਿਰਤੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਉਸਾਰੀ ਕਿਰਤੀ ਦੀ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਜਿਸਟਰਡ ਲਾਭਪਾਤਰੀ ਬਣਨ ਲਈ ਉਸਾਰੀ ਕਿਰਤੀ ਨੇ ਪਿਛਲੇ 12 ਮਹੀਨਿਆ ਦੌਰਾਨ ਘੱਟੋ-ਘੱਟ 90 ਦਿਨ ਉਸਾਰੀ ਕਿਰਤੀ ਦਾ ਕੰਮ ਕੀਤਾ ਹੋਵੇ। ਰਜਿਸਟਰਡ ਹੋਣ ਲਈ ਉਸਾਰੀ ਕਿਰਤੀ ਆਪਣੇ ਨੇੜੇ ਦੇ ਕਿਸੇ ਵੀ ਸੇਵਾ ਕੇਂਦਰ ਵਿੱਚ ਜਾ ਸਕਦਾ ਹੈ। ਰਜਿਸਟਰਡ ਹੋਣ ਲਈ ਉਸ ਪਾਸ ਆਧਾਰ ਕਾਰਡ, ਬੈਂਕ ਅਕਾਉਂਟ ਹੋਣਾ ਜ਼ਰੂਰੀ ਹੈ।
ਉਸਾਰੀ ਕਿਰਤੀ ਬੋਰਡ ਅਧੀਨ ਲਾਭਪਾਤਰੀ ਬਣਨ ਉਪਰੰਤ ਵਿਭਾਗ ਦੀਆਂ ਭਿੰਨ-ਭਿੰਨ ਭਲਾਈ ਸਕੀਮਾਂ ਦਾ ਲਾਭ ਲੈਣ ਦਾ ਹੱਕਦਾਰ ਬਣ ਜਾਂਦਾ ਹੈ। ਇਨ੍ਹਾਂ ਭਲਾਈ ਸਕੀਮਾਂ ਅਧੀਨ ਪੜ੍ਹ ਰਹੇ ਬੱਚਿਆਂ ਲਈ ਵਜੀਫਾ ਸਕੀਮਾਂ, ਬੇਟੀ ਦੀ ਸ਼ਾਦੀ ਲਈ ਸ਼ਗਨ ਸਕੀਮ, ਐਕਸਗ੍ਰੇਸ਼ੀਆ ਸਕੀਮ, ਦਾਹ ਸੰਸਕਾਰ ਲਈ ਰਾਸ਼ੀ, ਪ੍ਰਸੂਤਾ ਲਾਭ ਸਕੀਮ, ਬਾਲੜੀ ਤੋਹਫ਼ਾ ਸਕੀਮ, ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਸ਼ਾਮਿਲ ਹਨ। ਇਸ ਤੋਂ ਇਲਾਵਾ ਲਾਭਪਾਤਰੀ 60 ਸਾਲ ਦੀ ਉਮਰ ਤੋਂ ਬਾਅਦ ਬੋਰਡ ਵੱਲੋਂ ਪੈਂਨਸ਼ਨ ਲੈਣ ਦਾ ਹੱਕਦਾਰ ਬਣ ਜਾਂਦਾ ਹੈ। ਰਜਿਸਟਰਡ ਲਾਭਪਾਤਰੀ ਨੇੜੇ ਦੇ ਸੇਵਾ ਕੇਂਦਰ ਵਿੱਚ ਜਾ ਕੇ ਭਿੰਨ-ਭਿੰਨ ਭਲਾਈ ਸਕੀਮਾਂ ਅਧੀਨ ਅਪਲਾਈ ਕਰ ਸਕਦਾ ਹੈ। ਬੋਰਡ ਅਧੀਨ ਲਾਭਪਾਤਰੀ ਰਜਿਸਟ੍ਰੇਸ਼ਨ ਅਤੇ ਸਕੀਮਾਂ ਲਈ ਅਪਲਾਈ ਕਰਨ ਦੀ ਸਾਰੀ ਪ੍ਰੀਕ੍ਰਿਆ ਆਨ-ਲਾਈਨ ਸੇਵਾ ਕੇਂਦਰ ਰਾਹੀਂ ਕੀਤੀ ਜਾਂਦੀ ਹੈ।




