ਏ.ਐਸ.ਆਈ. ਪ੍ਰੀਤਮ ਸਿੰਘ ਅਤੇ ਮੁਨਸ਼ੀ ਮਨਦੀਪ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਮਾਮਲਾ ਦਰਜ

ਮੋਗਾ, 6 ਅਪ੍ਰੈਲ ਚਤੁਰਵੇਦੀ ਸ਼ਰਮਾ ਪੁੱਤਰ ਸ਼੍ਰੀ ਜਗਦੀਸ਼ ਚੰਦ ਵਾਸੀ ਆਕਲੀਆ ਜਲਾਲ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ ਵੱਲੋਂ ਏ.ਐਸ.ਆਈ. ਪ੍ਰੀਤਮ ਸਿੰਘ ਅਤੇ ਮੁਨਸ਼ੀ ਮਨਦੀਪ ਸਿੰਘ ਚੌਂਕੀ ਦੀਨਾ ਸਾਹਿਬ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਿਰੁੱਧ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਸ੍ਰੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਚਤੁਰਵੇਦੀ ਸ਼ਰਮਾ ਦੇ ਪਿਤਾ ਜਗਦੀਸ਼ ਚੰਦ ਪੁੱਤਰ ਮਦਨ ਲਾਲ ਨੂੰ ਏ.ਐਸ.ਆਈ. ਪ੍ਰੀਤਮ ਸਿੰਘ ਅਤੇ ਸਿਪਾਹੀ ਮਨਦੀਪ ਸਿੰਘ ਨੇ ਮਿਤੀ 09.06.2021 ਨੂੰ ਉਸਦੇ ਰਿਹਾਇਸ਼ੀ ਮਕਾਨ ਪਿੰਡ ਆਕਲੀਆ ਜਲਾਲ ਤੋਂ ਕਰੀਬ 04 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਰਾਊਂਡਅੱਪ ਕਰਕੇ ਉਸਦੇ ਲੜਕੇ ਚਤੁਰਵੇਦੀ ਸ਼ਰਮਾ ਅਤੇ ਉਸਦੀ ਘਰਵਾਲੀ ਊਸ਼ਾ ਰਾਣੀ ਦੇ ਸਾਹਮਣੇ ਚਤੁਰਵੇਦੀ ਸ਼ਰਮਾ ਦੀ ਸਵਿਫ਼ਟ ਡਿਜ਼ਾਇਰ ਕਾਰ ਵਿੱਚ ਬਿਠਾ ਕੇ ਚੌਂਕੀ ਦੀਨਾ ਸਾਹਿਬ, ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਿਖੇ ਗਏ ਅਤੇ ਜਾਣ ਲੱਗੇ ਉਸਨੂੰ ਪਿੰਡ ਦੇ ਲਖਵੀਰ ਸਿੰਘ ਸਰਪੰਚ ਨੂੰ ਚੌਂਕੀ ਵਿਖੇ ਹਾਜਰ ਹੋਣ ਲਈ ਕਿਹਾ ਗਿਆ।
ਚਤੁਰਵੇਦੀ ਸ਼ਰਮਾ ਵੱਲੋਂ ਸਰਪੰਚ ਨੂੰ ਨਾਲ ਲੈ ਕੇ ਚੌਕੀ ਪੁੱਜਣ ‘ਤੇ ਏ.ਐਸ.ਆਈ. ਪ੍ਰੀਤਮ ਸਿੰਘ ਅਤੇ ਮੁਨਸ਼ੀ ਮਨਦੀਪ ਸਿੰਘ ਵੱਲੋਂ ਚਤੁਰਵੇਦੀ ਸ਼ਰਮਾ ਅਤੇ ਉਸਦੀ ਸਵਿਫਟ ਡਿਜਾਇਰ ਕਾਰ ਵੀ ਉਪਰੋਕਤ ਮੁਕੱਦਮਾ ਵਿੱਚ ਰੱਖੇ ਜਾਣ ਦਾ ਡਰਾਵਾ ਪਾਇਆ ਗਿਆ, ਜਿਸ ਉਪਰੰਤ ਚਤੁਰਵੇਦੀ ਸ਼ਰਮਾ ਵੱਲੋਂ ਸਰਪੰਚ ਲਖਵੀਰ ਸਿੰਘ ਆਕਲੀਆ ਜਲਾਲ ਦੇ ਸਾਹਮਣੇ ਮਿਨਤ ਤਰਲਾ ਕਰਨ ਉੱਪਰੰਤ ਏ.ਐਸ.ਆਈ. ਪ੍ਰੀਤਮ ਸਿੰਘ ਵੱਲੋਂ ਉਸਦੀ ਗੱਡੀ ਅਤੇ ਉਸਨੂੰ ਛੱਡਣ ਦੇ ਇਵਜ ਵਿੱਚ ਉਸਦੀ ਗੱਡੀ ਦੇ ਮੁੱਲ 5 ਲੱਖ ਰੁਪਏ ਦੇ ਬਰਾਬਰ ਰਿਸ਼ਵਤ ਦੀ ਮੰਗ ਕੀਤੀ ਗਈ, ਜੋ ਮੁਨਸ਼ੀ ਮਨਦੀਪ ਸਿੰਘ ਵੱਲੋਂ ਵਿਚੋਲੀਏ ਦਾ ਰੋਲ ਅਦਾ ਕਰਦੇ ਹੋਏ ਸੌਦਾ 02.20 ਲੱਖ ਰੁਪਏ ਵਿੱਚ ਤੈਅ ਕਰ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਉਪਰੰਤ ਚਤੁਰਵੇਦੀ ਸ਼ਰਮਾ ਵੱਲੋਂ 01.50 ਲੱਖ ਰੁਪਏ ਮੌਕਾ ਉੱਪਰ ਦੇ ਕੇ ਆਪਣੀ ਗੱਡੀ ਛੁਡਵਾ ਲਈ ਗਈ ਅਤੇ ਬਾਕੀ ਰਕਮ ਲਈ ਕੁੱਝ ਦਿਨਾਂ ਦਾ ਸਮਾਂ ਲੈ ਲਿਆ ਗਿਆ। ਜਿਸ ਉਪਰੰਤ ਮਿਤੀ 13.06.2021 ਨੂੰ ਮੁਨਸ਼ੀ ਮਨਦੀਪ ਸਿੰਘ ਵੱਲੋਂ ਚਤੁਰਵੇਦੀ ਸ਼ਰਮਾ ਦੇ ਪਿੰਡ ਵਿਖੇ ਜਾ ਕੇ ਉਸ ਪਾਸੋਂ ਸਰਪੰਚ ਲਖਵੀਰ ਸਿੰਘ ਆਕਲੀਆ ਜਲਾਲ ਦੀ ਹਾਜ਼ਰੀ ਵਿੱਚ ਬਕਾਇਆ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਬਕਾਇਆ 70 ਹਜ਼ਾਰ ਰੁਪਏ ਰਿਸ਼ਵਤ ਵਿੱਚੋਂ 20 ਹਜ਼ਾਰ ਰੁਪਏ ਲੈ ਕੇ ਬਕਾਇਆ 50 ਹਜ਼ਾਰ ਰੁਪਏ ਰਿਸ਼ਵਤ ਦਾ ਸਮਾਂ ਮਿਤੀ 15.06.2021 ਦਿਨ ਮੰਗਲਵਾਰ ਦਾ ਦੇ ਦਿੱਤਾ ਗਿਆ। ਇਹ ਰਿਸ਼ਵਤ ਦੇ ਲੈਣ ਦੇਣ ਸਬੰਧੀ ਉਸ ਵੱਲੋਂ ਆਡੀਓ ਰਿਕਾਰਡਿੰਗ ਕਰ ਲਈ ਗਈ ਇਸ ਰਿਕਾਰਡਿੰਗ ਵਿੱਚ ਚਤੁਰਵੇਦੀ ਸ਼ਰਮਾ ਨੂੰ ਮੁਨਸ਼ੀ ਮਨਦੀਪ ਸਿੰਘ ਇਹ ਵੀ ਕਿਹਾ ਹੈ ਕਿ, ”ਤੇ ਜੇ ਉਹ ਉਦੋਂ ਕੁਝੱ ਇੰਚਾਰਜ ਨੇ ਤੈਨੂੰ ਕਿਹਾ ਵੀ ਸੀ ਤੇ ਮੈਂ ਤੇਰੇ ਸਾਹਮਣੇ ਕਹਿਤਾ ਸੀ ਮੈਂ ਕਿਹਾ ਨਹੀਂ ਜਿਆਦੇ ਆ ਸਰ’ ਏ.ਐਸ.ਆਈ ਪ੍ਰੀਤਮ ਸਿੰਘ ਅਤੇ ਸਿਪਾਹੀ ਮਨਦੀਪ ਸਿੰਘ ਵੱਲੋਂ ਚਤੁਰਵੇਦੀ ਸ਼ਰਮਾ ਦੀ ਸਵਿਫਟ ਡਿਜਾਇਰ ਕਾਰ ਨੂੰ ਛੱਡਣ ਦੇ ਇਵਜ ਵਿੱਚ 01.70 ਲੱਖ ਰੁਪਏ ਬਤੌਰ ਰਿਸ਼ਵਤ ਹਾਸਲ ਕਰਨਾ ਅਤੇ 50 ਹਜ਼ਾਰ ਰੁਪਏ ਬਕਾਇਆ ਰਿਸ਼ਵਤ ਦੀ ਮੰਗ ਕਰਨਾ ਪਾਇਆ ਗਿਆ।
ਸ੍ਰੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਅਜਿਹਾ ਕਰਕੇ ਏ.ਐਸ.ਆਈ. ਪ੍ਰੀਤਮ ਸਿੰਘ ਅਤੇ ਸ਼ੱਕੀ ਸਿਪਾਹੀ ਮਨਦੀਪ ਸਿੰਘ, ਚੌਂਕੀ ਦੀਨਾ ਸਾਹਿਬ ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਿਰੁੱਧ ਜੁਰਮ ਅ/ਧ 7,7ਏ ਪੀ.ਸੀ.ਐਕਟ 1988 ਐਜ਼ ਅਮੈਡਿਡ ਬਾਏ ਪੀ.ਸੀ.(ਅਮੈਂਡਮੈਂਟ) ਐਕਟ 2018 ਦਰਜ ਕਰ ਦਿੱਤਾ ਗਿਆ ਹੈ।




