ਤਾਜਾ ਖਬਰਾਂ
ਵਿਦਿਆਰਥੀਆਂ ਨੂੰ ਇੱਕ ਹੀ ਪੋਰਟਲ ਤੇ ਸਾਰੇ ਸਰਕਾਰੀ ਕਾਲਜਾਂ ਬਾਰੇ ਮਿਲੇਗੀ ਜਾਣਕਾਰੀ – ਵਧੀਕ ਡਿਪਟੀ ਕਮਿਸ਼ਨਰ
ਹੈਲਪ ਲਾਈਨ ਨੰਬਰ 1100 ਤੇ ਸਾਰਿਆਂ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਹੋਣਗੀਆਂ ਹੱਲ

ਮੋਗਾ, 19 ਅਗਸਤ (ਚਰਨਜੀਤ ਸਿੰਘ)
ਪੰਜਾਬ ਸਰਕਾਰ ਦੁਆਰਾ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕਲਾਸਾਂ ਵਿੱਚ ਦਾਖਲਾ ਲੈਣ ਲਈ ਪੂਰੇ ਸੂਬੇ ਦੇ ਕਾਲਜਾਂ ਲਈ ਇੱਕ ਸਾਝਾ ਸਟੇਟ ਐਡਮੀਸ਼ੀਨ ਦਾਖਲਾ ਪੋਰਟਲ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ ਕਿਉਕਿ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਵੱਖ ਵੱਖ ਕਾਲਜਾਂ ਵਿੱਚ ਜਾ ਕੇ ਪ੍ਰਾਸਪੈਕਟ ਨਹੀ ਖਰੀਦਣਾ ਪਵੇਗਾ। ਦਾਖਲੇ ਸਬੰਧੀ ਸਾਰੀ ਜਾਣਕਾਰੀ ਇਸ ਪੋਰਟਲ ਤੇ ਹੀ ਉਪਲੱਭਧ ਹੋਵੇਗੀ। ਇਹ ਜਾਣਕਾਰੀ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁੱਖ ਮੰਤਰੀ ਪੰਜਾਬ ਵੱਲੋਂ ਸਟੇਟ ਦਾਖਲਾ ਪੋਰਟਲ ਦੀ ਆਨ ਲਾਈਨ ਸੁਰੂਆਤ ਕਰਨ ਉਪਰੰਤ ਗੱਲਬਾਤ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਵੱਖ ਵੱਖ ਕਾਲਜਾਂ ਵਿੱਚ ਲੰਮੀਆ ਲੰਮੀਆਂ ਲਾਇਨਾਂ ਵਿੱਚ ਲੱਗ ਕੇ ਪ੍ਰਾਸਪੈਕਟਸ ਖਰੀਦਣੇ ਪੈਦੇ ਸਨ ਤੇ ਇਸਦੇ ਨਾਲ ਹੋਰ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਵਧੇਰੇ ਖਰਚਾ ਵੀ ਚੁੱਕਣਾ ਪੈਂਦਾ ਸੀ। ਪ੍ਰੰਤੂ ਪੋਰਟਲ ਦੇ ਸ਼ੁਰੂ ਹੋਣ ਨਾਲ ਘਰ ਬੈਠਿਆਂ ਹੀ ਦਾਖਲੇ ਸਬੰਧੀ ਕਾਲਜਾਂ ਬਾਰੇ ਜਾਣਕਾਰੀ ਹਾਸਲ ਕਰਕੇ ਆਨਲਾਈਨ ਰਜਿਸ਼ਟਰੇਸ਼ਨ ਕਰਾਈ ਜਾ ਸਕਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰ ਹਰਚਰਨ ਸਿੰਘ ਨੇ ਕਿਹਾ ਕਿ ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਯੂਨੀਫਾਈਡ ਸਟੇਟ ਹੈਲਪਲਾਈਨ ਨੰਬਰ 1100 ਸੁਰੂ ਕੀਤਾ ਗਿਆ ਹੈ ਜਿਸ ਤੇ ਸਾਰੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਿਭਾਗ ਨਾਲ ਸਬੰਧਤ ਕੋਈ ਸਮੱਸਿਆ ਜਾਂ ਸ਼ਿਕਾਇਤ ਕਰਨੀ ਹੋਵੇ ਤਾ ਉਹ 1100 ਨੰਬਰ ਤੇ ਕਰ ਸਕਦਾ ਹੈ। ਜਿਸਦਾ ਪੰਜਾਬ ਸਰਕਾਰ ਵੱਲੋਂ ਜਲਦੀ ਹੱਲ ਕੀਤਾ ਜਾਵੇਗਾ ਅਤੇ ਸਮੱਸਿਆ ਦਾ ਘਰ ਬੈਠੇ ਹੀ ਮਸਲਾ ਹੱਲ ਹੋ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭਾਂਗੇਰੀਆਂ ਤੇ ਹੋਰ ਅਧਿਕਾਰੀ ਵੀ ਹਾਜਰ ਸਨ।




