ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਏ.ਡੀ.ਸੀ. (ਵਿਕਾਸ) ਨੇ ਕੀਤੀ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਦੀ ਵੰਡ ਸਬੰਧੀ ਮੀਟਿੰਗ
ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਉਣ ਲਈ ਵਚਨਬੱਧ-ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ

ਮੋਗਾ, 15 ਦਸੰਬਰ(Charanjit Singh)ਅੱਜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਵਿੰਦਰਪਾਲ ਸਿੰਘ ਸੰਧੂ ਨੇ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਪਿੰਡਾਂ ਲਈ ਜਾਰੀ ਕਰਨ ਹਿੱਤ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਇੰਦਰਜੀਤ ਸਿੰਘ ਧਾਲੀਵਾਲ ਨੇ ਸਾਰੇ ਹਾਊਸ ਨੂੰ ਜੀ ਆਇਆਂ ਕਿਹਾ ਅਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਨੂੰ ਜ਼ਿਲ੍ਹਾ ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ।
ਇਸ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਾਂਟ ਦੀ ਵੰਡ ਸਬੰਧੀ ਪ੍ਰਪੋਜ਼ਲ ਤਿਆਰ ਕੀਤੀ ਗਈ ਅਤੇ ਸਾਰੇ ਹੀ ਹਾਜ਼ਰ ਮੈਂਬਰਾਂ ਨੇ ਆਪਣੀਆਂ-ਆਪਣੀਆਂ ਤਜਵੀਜ਼ਾਂ ਚੇਅਰਮੈਨ ਅਤੇ ਏ.ਡੀ.ਸੀ. ਸਾਹਮਣੇ ਪੇਸ਼ ਕੀਤੀਆਂ। ਚੇਅਰਮੈਨ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਦੀ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਜ਼ਿਲ੍ਹਾ ਪ੍ਰੀਸ਼ਦ ਮੋਗਾ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਦੇ ਗੰਦੇ ਪਾਣੀ ਦਾ ਨਿਕਾਸ, ਪੀਣ ਵਾਲੇ ਪਾਣੀ ਦੀ ਸਪਲਾਈ, ਗਲੀਆਂ-ਨਾਲੀਆਂ ਤੇ ਸਾਫ਼-ਸਫ਼ਾਈ ਦਾ ਸੁਚਾਰੂ ਪ੍ਰਬੰਧ ਕਰਨ ਲਈ ਯਤਨਸ਼ੀਲ ਹੈ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰਪਾਲ ਸਿੰਘ ਨੇ ਹਾਊਸ ਨੂੰ ਹਦਾਇਤ ਕੀਤੀ ਕਿ ਗ੍ਰਾਂਟ ਦੀ ਵਰਤੋਂ ਪਾਰਦਰਸ਼ੀ ਢੰਗ ਨਾਲ ਅਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤੀ ਜਾਵੇ। ਮੀਟਿੰਗ ਵਿੱਚ ਉਨ੍ਹਾਂ ਸਬੰਧਤ ਵਿਭਾਗਾਂ ਤੋਂ ਪ੍ਰੋਗਰੈਸ ਰਿਪੋਰਟ ਪ੍ਰਾਪਤ ਕਰਕੇ ਚਲਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਸ੍ਰੀ ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਤਿੱਖੇ ਸੰਘਰਸ਼ ਤੋਂ ਬਾਅਦ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਵਾਪਸ ਲਏ ਅਤੇ ਕਿਸਾਨ ਪੂਰੀ ਸ਼ਾਨੋ6-ਸ਼ੌਕਤ ਨਾਲ ਜਸ਼ਨ ਮਨਾ ਕੇ ਵਾਪਿਸ ਘਰਾਂ ਨੂੰ ਪਹੁੰਚੇ। ਇਸ ਜਿੱਤ ਲਈ ਸਮੂਹ ਕਿਸਾਨ ਜਥੇਬੰਦੀਆਂ ਅਤੇ ਹਿੰਦੋਸਤਾਨ ਵਾਸੀ ਵਧਾਈ ਦੇ ਪਾਤਰ ਹਨ।
ਇਸ ਮੀਟਿੰਗ ਵਿੱਚ ਸਮੂਹ ਹਾਜ਼ਰੀਨ ਵੱਲੋਂ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋ ਚੁੱਕੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।




