ਰੋਡ ਸ਼ੋਅ, ਪਦ ਯਾਤਰਾ, ਵਾਹਨ ਰੈਲੀ, ਜਲੂਸ ਆਦਿ ਤੇ ਪੂਰਨ ਪਾਬੰਦੀ 25 ਜਨਵਰੀ ਤੱਕ ਵਧਾਈ

ਮੋਗਾ, 23 ਜਨਵਰੀ ( Charanjit Singh ) ਵਿਸ਼ਵ ਸਿਹਤ ਸੰਗਠਨ ਵੱਲੋਂ ਪਹਿਲਾਂ ਹੀ ਕੋਵਿਡ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਚੁੱਕਾ ਹੈ ਅਤੇ ਹੁਣ ਕੋਵਿਡ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਢੁੱਕਵੀਆਂ ਪਾਬੰਦੀਆਂ ਵੀ ਇਸ ਸਬੰਧੀ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਨਾਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰ ਹਰਚਰਨ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ, 2022 ਨੂੰ ਕਰਵਾਉਣ ਦਾ ਐਲਾਨ ਕੀਤਾ ਹੈ। ਉਨਾਂ ਦੱਸਿਆ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ, ਪ੍ਰਚਾਰਕ, ਵੋਟਰ, ਚੋਣ ਪ੍ਰਕਿਰਿਆ ਵਿੱਚ ਲੱਗੇ ਅਧਿਕਾਰੀ ਆਪਣੀ ਮੁੱਢਲੀ ਡਿਊਟੀ ਦੇ ਨਾਲ-ਨਾਲ ਕੋਵਿਡ ਨਾਲ ਸਬੰਧਤ ਹਦਾਇਤਾਂ ਦੀ ਵੀ ਇੰਨ ਬਿੰਨ ਪਾਲਣਾ ਕਰਨਗੇ।
ਉਹਨਾਂ ਸੀ.ਆਰ.ਪੀ.ਸੀ. ਦੀ ਧਾਰਾ 144, ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਐਪੀਡੈਮਿਕ ਡਿਜੀਜ਼ ਐਕਟ 1897 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਵਰਦੇ ਹੋਏ ਜ਼ਿਲਾ ਮੋਗਾ ਵਿੱਚ ਲਗਾਈਆਂ ਪਾਬੰਦੀਆਂ ਵਧਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਪਾਬੰਦੀਆਂ ਹੁਣ 25 ਜਨਵਰੀ, 2022 ਤੱਕ ਲਾਗੂ ਰਹਿਣਗੀਆਂ।
ਉਨਾਂ ਦੱਸਿਆ ਕਿ ਕੋਈ ਵੀ ਰੋਡ ਸ਼ੋਅ, ਪਦ ਯਾਤਰਾ, ਸਾਈਕਲ/ਬਾਈ ਸਾਈਕਲ/ਵਹੀਕਲ ਰੈਲੀ ਅਤੇ ਕੋਈ ਵੀ ਜਲੂਸ ਕੱਢਣ ਦੀ 25 ਜਨਵਰੀ 2022 ਤੱਕ ਪੂਰਨ ਤੌਰ ਤੇ ਮਨਾਹੀ ਹੋਵੇਗੀ। 25 ਜਨਵਰੀ ਤੱਕ ਕਿਸੇ ਵੀ ਰਾਜਨੀਤਿਕ ਪਾਰਟੀਆਂ/ਸੰਭਾਵੀ ਪਾਰਟੀਆਂ ਅਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੋਈ ਵੀ ਸਰੀਰਿਕ ਰੈਲੀ ਵੀ ਨਹੀਂ ਕੱਢੀ ਜਾਵੇਗੀ।
ਰਾਜਨੀਤਿਕ ਪਾਰਟੀਆਂ ਇਨਡੂਰ ਰਾਜਨੀਤਿਕ ਮੀਟਿੰਗ ਕਰਨ ਲਈ ਵੱਧ ਤੋਂ ਵੱਧ 50 ਵਿਅਕਤੀਆਂ ਦਾ ਇਕੱਠ ਹੀ ਕਰ ਸਕਦੀਆਂ ਹਨ ਜਾਂ ਉਸ ਜਗ੍ਹਾ ਦੀ 50 ਫੀਸਦੀ ਸਮਰੱਥਾ ਅਨੁਸਾਰ ਇਕੱਠ ਕਰ ਸਕਦੀਆਂ ਹਨ। ਡੋਰ ਟੂ ਡੋਰ ਮੁਹਿੰਮ ਲਈ 5 ਤੋਂ ਵਧਾ ਕੇ ਹੁਣ ਵੱਧ ਤੋਂ ਵੱਧ 10 ਵਿਅਕਤੀ ਸਮੇਤ ਸਕਿਉਰਿਟੀ ਇਕੱਠੇ ਹੋ ਸਕਦੇ ਹਨ ਅਤੇ ਡੋਰ ਟੂ ਡੋਰ ਮੁਹਿੰਮ ਸਬੰਧੀ ਬਾਕੀ ਸ਼ਰਤਾਂ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹਿਣਗੀਆਂ।
ਵੀਡੀਓ ਪ੍ਰਚਾਰ ਵੈਨਾਂ ਜਰੀਏ ਵੱਧ ਤੋਂ ਵੱਧ 100 ਵਿਅਕਤੀਆਂ ਜਾਂ ਜਗ੍ਹਾ ਦੀ 50 ਫੀਸਦੀ ਸਮਰੱਥਾ ਦੀ ਗਿਣਤੀ ਅਨੁਸਾਰ ਵਿਅਕਤੀਆਂ ਵਿੱਚ ਪ੍ਰਚਾਰ ਕੀਤਾ ਜਾ ਸਕਦਾ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀ ਜਾਂ ਮੈਂਬਰ ਕੋਵਿਡ ਅਤੇ ਮਾਡਲ ਕੋਡ ਆਫ਼ ਕੰਡਕਟ ਦੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣਗੇ।
ਇਸ ਤੋਂ ਇਲਾਵਾ 8 ਜਨਵਰੀ, 2022 ਨੂੰ ਵਿਧਾਨ ਸਭਾ ਚੋਣਾਂ ਲਈ ਜਾਰੀ ਹੋਈਆਂ ਹਦਾਇਤਾਂ ਜਾਰੀ ਰਹਿਣਗੀਆਂ।
ਵਧੀਕ ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਜਾਂ ਅਦਾਰਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।




