15 ਜਨਵਰੀ ਤੱਕ ਕੋਈ ਵੀ ਰੋਡ ਸ਼ੋਅ, ਪਦ ਯਾਤਰਾ, ਸਾਈਕਲ ਰੈਲੀ ਆਦਿ ਤੇ ਪੂਰਨ ਪਾਬੰਦੀ

ਮੋਗਾ, 9 ਜਨਵਰੀ ( ਚਰਨਜੀਤ ਸਿੰਘ)ਵਿਸ਼ਵ ਸਿਹਤ ਸੰਗਠਨ ਵੱਲੋਂ ਪਹਿਲਾਂ ਹੀ ਕੋਵਿਡ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਚੁੱਕਾ ਹੈ ਅਤੇ ਹੁਣ ਕੋਵਿਡ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਢੁੱਕਵੀਆਂ ਪਾਬੰਦੀਆਂ ਵੀ ਇਸ ਸਬੰਧੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਵੀ ਐਲਾਨ ਹੋ ਚੁੱਕਾ ਹੈ ਜਿਹੜੀਆਂ ਕਿ 14 ਫਰਵਰੀ, 2022 ਨੂੰ ਹੋਣ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ, ਪ੍ਰਚਾਰਕ, ਵੋਟਰ, ਚੋਣ ਪ੍ਰਕਿਰਿਆ ਵਿੱਚ ਲੱਗੇ ਅਧਿਕਾਰੀ ਆਪਣੀ ਮੁੱਢਲੀ ਡਿਊਟੀ ਦੇ ਨਾਲ-ਨਾਲ ਕੋਵਿਡ ਨਾਲ ਸਬੰਧਤ ਹਦਾਇਤਾਂ ਦੀ ਵੀ ਇੰਨ ਬਿੰਨ ਪਾਲਣਾ ਕਰਨ।
ਸੀ.ਆਰ.ਪੀ.ਸੀ. ਦੀ ਧਾਰਾ 144 ਅਤੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ 2005 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਵਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਕੁਝ ਪਾਬੰਦੀਆਂ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਪਾਬੰਦੀਆਂ 15 ਜਨਵਰੀ, 2022 ਤੱਕ ਲਾਗੂ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਕੋਈ ਵੀ ਰੋਡ ਸ਼ੋਅ, ਪਦ ਯਾਤਰਾ, ਸਾਈਕਲ/ਬਾਈ ਸਾਈਕਲ/ਵਹੀਕਲ ਰੈਲੀ ਅਤੇ ਕੋਈ ਵੀ ਜਲੂਸ ਕੱਢਣ ਦੀ 15 ਜਨਵਰੀ 2022 ਤੱਕ ਪੂਰਨ ਤੌਰ ਤੇ ਮਨਾਹੀ ਹੋਵੇਗੀ। ਇਸਤੋਂ ਬਾਅਦ ਚੋਣ ਕਮਿਸ਼ਨ ਸਮੀਖਿਆ ਕਰਕੇ ਢੁੱਕਵੇਂ ਆਦੇਸ਼ ਜਾਰੀ ਕਰੇਗਾ। ਕਿਸੇ ਵੀ ਰਾਜਨੀਤਿਕ ਪਾਰਟੀਆਂ/ਸੰਭਾਵੀ ਪਾਰਟੀਆਂ ਅਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੋਈ ਵੀ ਸਰੀਰਿਕ ਰੈਲੀ ਨਹੀਂ ਕੱਢੀ ਜਾਵੇਗੀ।
ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।





