ਡੇਅਰੀ ਕਿੱਤਾ ਸਿਖਲਾਈ ਕੋਰਸ 30 ਮਈ ਤੋਂ ਸ਼ੁਰੂ, ਕਾਊਂਸਲਿੰਗ 26 ਮਈ ਨੂੰ-ਰਣਦੀਪ ਹਾਂਡਾ

ਮੋਗਾ, 23 ਮਈ ( Charanjit Singh ) ਪੰਜਾਬ ਸਰਕਾਰ ਆਪਣੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਜਰੀਏ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਵਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਤਾਂ ਕਿ ਸੂਬੇ ਦੇ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਕੇ ਆਪਣੇ ਪੈਰਾਂ ਤੇ ਆਪ ਖੜ੍ਹੇ ਹੋ ਸਕਣ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡੇਅਰੀ ਟ੍ਰੇਨਿੰਗ ਸੈਂਟਰ ਗਿੱਲ ਦੇ ਇੰਚਾਰਜ (ਡਿਪਟੀ ਡਾਇਰੈਕਟਰ) ਸ੍ਰੀ ਰਣਦੀਪ ਹਾਂਡਾ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਹਰ ਵਰਗ ਨਾਲ ਸਬੰਧਤ ਲਾਭਪਾਤਰੀਆਂ ਲਈ ਸਾਰੇ ਸੈਂਟਰਾਂ ਤੇ ਦੋ ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋ ਦਫ਼ਤੇ ਦੇ ਇਸ ਡੇਅਰੀ ਸਿਖਲਾਈ ਕੋਰਸ ਦੀ ਸ਼ੁਰੂਆਤ 30 ਮਈ, 2022 ਤੋਂ ਹੋ ਰਹੀ ਹੈ, ਜਿਸਦੀ ਚੌਥੇ ਬੈਚ ਲਈ ਕਾਊਂਸਲਿੰਗ 26 ਮਈ, 2022 ਨੂੰ ਡੇਅਰੀ ਟ੍ਰੇਨਿੰਗ ਸੈਂਟਰ ਪਿੰਡ ਗਿੱਲ (ਮੋਗਾ) ਵਿਖੇ 10 ਵਜੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਸਾਰੇ ਵਰਗਾਂ ਨਾਲ ਸਬੰਧਤ ਲਾਭਪਾਤਰੀ ਜ਼ੋ ਡੇਅਰੀ ਦੇ ਗਿਆਨ ਵਿੱਚ ਵਾਧਾ ਕਰਨ ਦੇ ਚਾਹਵਾਨ ਹਨ ਉਹ ਮਿਤੀ 26 ਮਈ, 2022 ਨੂੰ ਇੰਟਰਵਿਊ ਵਾਲੇ ਦਿਨ ਘੱਟ ਤੋਂ ਘੱਟ ਪੰਜਵੀਂ ਪਾਸ ਪੜ੍ਹਾਈ ਦਾ ਸਰਟੀਫਿਕੇਟ, ਜਾਤੀ ਸਬੰਧੀ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣ। ਲਾਭਪਾਤਰੀ ਪੰਜਾਬ ਦਾ ਵਸਨੀਕ ਅਤੇ ਦਿਹਾਤੀ ਪਿਛੋਕੜ ਨਾਲ ਸਬੰਧ ਰੱਖਦਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਲਾਭਪਾਤਰੀ ਦੀ ਉਮਰ 18 ਸਾਲ ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸ੍ਰ. ਹਰਪਾਲ ਸਿੰਘ ਨੇ ਦੱਸਿਆ ਕਿ ਡੇਅਰੀ ਕਿੱਤੇ ਨਾਲ ਜੁੜਨ ਦੇ ਚਾਹਵਾਨ ਲਾਭਪਾਤਰੀਆਂ ਦੇ ਗਿਆਨ ਵਿੱਚ ਵਾਧੇ, ਉਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਅਤੇ ਆਧੁਨਿਕ ਡੇਅਰੀ ਫਾਰਮਿੰਗ ਦੀਆਂ ਤਕਨੀਕਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਟ੍ਰੇਨਿੰਗ ਸਕੀਮ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਉਮੀਦਵਾਰ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਪਹਿਲ ਦੇ ਆਧਾਰ ਤੇ ਲਾਭ ਉਠਾ ਸਕਦਾ ਹੈ।




