ਪਸ਼ੂਆਂ ਨੂੰ ਮੂੰਹ ਖੁਰ ਬਿਮਾਰੀ ਤੋਂ ਬਚਾਉਣ ਲਈ ਜ਼ਿਲ੍ਹਾ ਮੋਗਾ ਵਿੱਚ ਵੈਕਸੀਨੇਸ਼ਨ ਲਗਾਤਾਰ ਜਾਰੀ-ਡਾ. ਹਰਵੀਨ ਕੌਰ
ਡਿਪਟੀ ਡਾਇਰੈਕਟਰ ਵੱਲੋਂ ਸਮੂਹ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂ ਦੀ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ

ਮੋਗਾ, 28 ਦਸੰਬਰ(Charanjit Singh)ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਨੇ ਜ਼ਿਲ੍ਹਾ ਦੇ ਪਸ਼ੂ ਪਾਲਕਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਨੈਸ਼ਨਲ ਐਨੀਮਲ ਡਿਸੀਜ਼ ਕੰਟਰੋਲ ਪ੍ਰੋਗਰਾਮ ਅਧੀਨ ਮੱਝਾਂ ਅਤੇ ਗਾਵਾਂ ਵਿੱਚ ਮੂੰਹ ਖੁਰ ਬਿਮਾਰੀ ਦੀ ਰੋਕਥਾਮ ਲਈ ਮਿਤੀ 12 ਨਵੰਬਰ, 2021 ਤੋਂ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿ ਨਿਰੰਤਰ ਜਾਰੀ ਹੈ। ਪਸ਼ੂ ਪਾਲਕਾਂ ਦੇ ਘਰਾਂ ਵਿੱਚ ਟੀਮਾਂ ਵੱਲੋਂ ਪਸ਼ੂਆਂ ਦੇ ਮੂੰਹ ਖੁਰ ਬਿਮਾਰੀ ਤੋਂ ਰੋਕਥਾਮ ਲਈ ਲਗਾਤਾਰ ਟੀਕਾਕਰਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਸ਼ੂ ਸੰਸਥਾਵਾਂ ਦੇ ਫੀਲਡ ਸਟਾਫ਼ ਵੱਲੋਂ ਘਰ ਘਰ ਜਾ ਕੇ ਇਹ ਵੈਕਸੀਨੇਸ਼ਨ ਯੋਗ ਪਸ਼ੂਆਂ ਦੇ ਲਗਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵੈਕਸੀਨੇਟਡ ਪਸ਼ੂਆਂ ਦੇ ਕੰਨਾਂ ਵਿੱਚ 12 ਨੰਬਰਾਂ ਵਾਲਾ ਪੀਲੇ ਰੰਗ ਦਾ ਟੈਗ ਪਾਇਆ ਜਾ ਰਿਹਾ ਹੈ ਅਤੇ ਇਹ ਐਂਟਰੀ ਇਨਾਫ਼ ਪੋਰਟਲ ‘ਤੇ ਕੀਤੀ ਜਾ ਰਹੀ ਹੈ।
ਡਾ. ਹਰਵੀਨ ਕੌਰ ਨੇ ਜ਼ਿਲ੍ਹਾ ਮੋਗਾ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਵੈਕਸੀਨ ਆਪਣੇ ਪਸ਼ੂ ਨੂੰ ਪਹਿਲ ਦੇ ਆਧਾਰ ਤੇ ਲਗਵਾਉਣ ਤਾਂ ਜੋ ਪਸ਼ੂਆਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਹੋਰ ਵਧੇਰੇ ਜਾਣਕਾਰੀ ਲਈ ਪਸ਼ੂ ਪਾਲਕ ਆਪਣੇ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।




