ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਰੂਰਲ ਸਕਿੱਲ ਸੈਂਟਰ ਚੜਿੱਕ ਵਿਖੇ ਰੋਜ਼ਗਾਰ ਸੈਮੀਨਾਰ ਆਯੋਜਿਤ
ਵੱਖ-ਵੱਖ ਕੰਪਨੀਆਂ ਵੱਲੋਂ ਕੀਤੀ ਨੌਜਵਾਨਾਂ ਦੀ ਰੋਜ਼ਗਾਰ ਲਈ ਇੰਟਰਵਿਊ

ਮੋਗਾ, 22 ਦਸੰਬਰ(Charanjit Singh)ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਮੋਗਾ ਵੱਲੋਂ ਰੂਰਲ ਸਕਿੱਲ ਸੈਂਟਰ ਚੜਿੱਕ ਵਿਖੇ ਅਜ਼ਾਦੀ ਦਾ ਅਮ੍ਰਿੰਤ ਮਹਾਂਉਤਸਵ ਤਹਿਤ ਇੱਕ ਰੋਜ਼ਗਾਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਸਵੈ ਰੋਜ਼ਗਾਰ ਦੇ ਮੌਕਿਆਂ ਸਬੰਧੀ ਅਤੇ ਬੈਂਕ ਦੀਆਂ ਰੋਜ਼ਗਾਰ ਨਾਲ ਸਬੰਧਤ ਵੱਖ ਵੱਖ ਸਕੀਮਾਂ ਆਦਿ ਬਾਰੇ ਨੌਜਵਾਨਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਨ੍ਹਾਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਨੌਜਵਾਨਾਂ ਨਾਲ ਵਿਸਥਾਰ ਸਹਿਤ ਸਾਂਝੀ ਕਰਨ ਲਈ ਲੀਡ ਬੈਂਕ ਮੈਨੇਜਰ ਸ੍ਰੀ ਬਜਰੰਗੀ ਲਾਲ, ਵਿੱਤੀ ਸ਼ਾਖਰਤਾ ਕੌਂਸਲਰ ਪੰਜਾਬ ਐਂਡ ਸਿੰਧ ਬੈਂਕ ਤੋਂ ਸ੍ਰੀ ਨਰੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ।
ਜਿਲ੍ਹਾ ਉਦਯੋਗ ਕੇਂਦਰ ਦੇ ਬਲਾਕ ਪੱਧਰੀ ਪ੍ਰਸਾਰ ਅਫ਼ਸਰ ਸ੍ਰ. ਨਿਰਮਲ ਸਿੰਘ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਜ਼ਿਲ੍ਹਾ ਉਦਯੋਗ ਕੇਂਦਰ ਰਾਹੀਂ ਮਿਲਣ ਵਾਲੇ ਸਵੈ ਰੋਜ਼ਗਾਰ ਦੇ ਲੋਨ ਦੀ ਵਿਧੀ, ਲੋੜੀਂਦੇ ਦਸਤਾਵੇਜ਼ਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਲੋਨ ਲੈਣ ਲਈ www.kviconline.gov.in ਤੇ ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਕਾਮਨ ਸਰਵਿਸ ਸੈਂਟਰ ਦੇ ਜ਼ਿਲ੍ਹਾ ਪੱਧਰੀ ਨੁਮਾਇੰਦੇ ਵੀ ਇਸ ਸੈਮੀਨਾਰ ਵਿੱਚ ਮੌਜੂਦ ਸਨ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਪਿੰਡ ਵਿੱਚ ਕਾਮਨ ਸਰਵਿਸ ਸੈਂਟਰ ਨੂੰ ਖੋਲ੍ਹਣ ਦੀ ਵਿਧੀ ਅਤੇ ਇਸ ਜਰੀਏ ਕਿਵੇਂ ਉਹ ਆਪਣਾ ਰੋਜ਼ਗਾਰ ਚਲਾ ਸਕਦੇ ਹਨ ਬਾਰੇ ਵੀ ਵਿਸਥਾਰ ਸਹਿਤ ਚਾਨਣਾ ਪਾਇਆ।
ਮੈਨੇਜਰ ਸਕਿੱਲ ਡਿਵੈਲਪਮੈਂਟ ਮਿਸ਼ਨ ਮੋਗਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਵੈ-ਰੋਜ਼ਗਾਰ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਵੱਖ ਵੱਖ ਕੰਪਨੀਆ ਵੱਲੋਂ ਨੌਕਰੀਆਂ ਲਈ ਇੰਟਰਵਿਉ ਵੀ ਲਈ ਗਈ।ਇਸ ਮੌਕੇ ਰੂਰਲ ਸਕਿੱਲ ਸੈਂਟਰ ਚੜਿੱਕ ਵਿੱਚ ਸੋਲਰ ਦਾ ਕੋਰਸ ਕਰਨ ਵਾਲੇ ਉਮੀਦਵਾਰਾਂ ਤੋ ਇਲਾਵਾ ਆਸੇ-ਪਾਸੇ ਦੇ ਖੇਤਰਾਂ ਤੋਂ ਆਏ ਨੌਜਵਾਨਾਂ ਨੇ ਕੰਪਿਊਟਰ ਆਪ੍ਰੇਟਰ, ਟ੍ਰੇਨਰ, ਕਾਲ ਸੈਂਟਰ, ਸੋਲਰ ਟੈਕਨੀਸ਼ੀਅਨ, ਮਲਟੀ ਸਕਿੱਲ ਟੈਕਨੀਸ਼ੀਅਨ ਆਦਿ ਵੱਖ ਵੱਖ ਅਸਾਮੀਆਂ ਲਈ ਇੰਟਰਵਿਉ ਦਿੱਤੀ।
ਸ੍ਰੀ ਪੁਛਰਾਜ ਝਾਜਰਾ ਵਿਸ਼ਾ ਮਾਹਿਰ, ਸ੍ਰੀ ਰਮਨ ਐਮ.ਜੀ.ਐਫ. ਅਤੇ ਪੀਰਾ ਮਿਲ ਫਾਊਂਡੇਸ਼ਨ ਤੋਂ ਆਏ ਨੇਹਾ ਸਿੰਘ ਨੇ ਨੌਜਵਾਨਾਂ ਨੂੰ ਅਗਾਂਹ ਵਧਣ ਸਬੰਧੀ ਮਿਲਣ ਵਾਲੇ ਮੌਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੀ ਸਮਾਪਤੀ ‘ਤੇ ਸ. ਸਰਬਜੀਤ ਸਿੰਘ ਮੱਲੀ ਨੇ ਆਈ.ਆਈ.ਏ.ਈ. ਐਜੂਕੇਸ਼ਨਲ ਸੋਸਾਇਟੀ ਵੱਲੋਂ ਆਏ ਅਧਿਕਾਰੀਆਂ, ਮਹਿਮਾਨਾਂ ਤੇ ਕੰਪਨੀ ਦੇ ਨੁਮਾਇੰਦਿਆਂ ਦਾ ਧੰਂਨਵਾਦ ਕੀਤਾ।




