ਅਨੋਖੇ ਅਜੂਬੇਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਦੁਰਘਟਨਾਦੇਸ਼ਧਰਮਰਾਜਰਾਜਨੀਤੀਵਪਾਰ
ਸਿਵਲ ਹਸਪਤਾਲ ਵਿੱਚੋਂ ਗੁੰਮ ਹੋਇਆ ਬੱਚਾ ਲੱਭਣ ‘ਤੇ ਬਾਲ ਸੁਰੱਖਿਆ ਕਮੇਟੀ ਮੋਗਾ ਨੇ ਕੀਤਾ ਮੋਗਾ ਪੁਲਿਸ ਦਾ ਧੰਨਵਾਦ

ਮੋਗਾ, 6 ਦਸੰਬਰ ) Charanjit Singh ) ਬੀਤੇ ਦਿਨੀਂ ਮੋਗਾ ਦੇ ਸਿਵਲ ਹਸਪਤਾਲ ਵਿਚੋਂ ਇੱਕ 8 ਮਹੀਨੇ ਦਾ ਬੱਚਾ ਇੱਕ ਨੌਜਵਾਨ ਵਲੋਂ ਅਗਵਾ ਕਰ ਲਿਆ ਗਿਆ ਸੀ, ਜਿਸਨੂੰ ਕਿ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਸੁਰਿੰਦਰਜੀਤ ਸਿੰਘ ਮੰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੋਗਾ ਪੁਲਿਸ ਵੱਲੋਂ 10 ਘੰਟਿਆਂ ਵਿੱਚ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।
ਮੋਗਾ ਪੁਲਿਸ ਵੱਲੋਂ ਆਪਣੀ ਮਿਹਨਤ ਅਤੇ ਤਨਦੇਹੀ ਨਾਲ 10 ਘੰਟਿਆਂ ਵਿੱਚ ਇਸ ਬੱਚੇ ਨੂੰ ਲੱਭਣ ਤੇ ਬਾਲ ਭਲਾਈ ਕਮੇਟੀ ਮੋਗਾ ਨੇ ਸੀਨੀਅਰ ਕਪਤਾਨ ਪੁਲਿਸ ਅਤੇ ਸਬੰਧਤ ਟੀਮ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਉਨ੍ਹਾਂ ਦੀ ਸੂਝ ਬੂਝ ਅਤੇ ਮਿਹਨਤੀ ਟੀਮ ਸਦਕਾ ਹੀ ਸੰਭਵ ਹੋ ਸਕਿਆ ਹੈ। ਬਾਲ ਭਲਾਈ ਕਮੇਟੀ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਮੋਗਾ ਪੁਲਿਸ ਨੂੰ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਪੂਰ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਬਲ ਬਖਸ਼ਣ।ਉਨ੍ਹਾਂ ਕਿਹਾ ਕਿ ਮੋਗਾ ਵਿੱਚ ਜਿੰਨ੍ਹਾਂ ਚਿਰ ਇਸ ਤਰ੍ਹਾਂ ਦੀਆਂ ਸੇਵਾਵਾਂ ਦੇਣ ਵਾਲੀ ਪੰਜਾਬ ਪੁਲਿਸ ਮੌਜੂਦ ਰਹੇਗੀ ਤਾਂ ਜ਼ਿਲ੍ਹਾ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕੋਈ ਵੀ ਨਹੀਂ ਵਿਗਾੜ ਸਕੇਗਾ।
ਇੱਥੇ ਜਿਕਰਯੋਗ ਹੈ ਕਿ ਬੱਚੇ ਦੀ ਅਗਵਾਹ ਹੋਣ ਦੀ ਸੂਚਨ ਮਿਲਣ ਤੇ ਐਸ.ਪੀ. (ਡੀ) ਰੁਪਿੰਦਰ ਕੌਰ ਭੱਟੀ ਵਲੋਂ ਵੱਖ-ਵੱਖ ਛੇ ਪੁਲਿਸ ਟੀਮਾਂ ਨਿਯੁਕਤ ਕੀਤੀਆਂ ਗਈਆਂ ਜਿਸ ਦੀ ਅਗਵਾਈ ਡੀ ਐਸ ਪੀ. ਸਿਟੀ ਜਸ਼ਨਦੀਪ ਸਿੰਘ ਗਿੱਲ, ਡੀ.ਐਸ.ਪੀ. ਪਰਸਨ ਸਿੰਘ ਕਰ ਰਹੇ ਸਨ। ਬੱਚੇ ਨੂੰ ਬਰਾਮਦ ਕਰਨ ਲਈ ਸ਼ਹਿਰ ਵਿਚ ਲੱਗੇ ਸੀ ਸੀ ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ ਸੀ ਜਿਸ ਵਿਚ ਬੱਚੇ ਨੂੰ ਅਗਵਾ ਕਰਨ ਵਾਲੇ ਬੱਚੇ ਦੀ ਤਸਵੀਰ ਸਾਫ਼ ਦਿਖਾਈ ਦਿੰਦੀ ਸੀ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਸਹਾਰੇ ਆਖਿਰ ਮੋਗਾ ਪੁਲਿਸ ਦੋਸ਼ੀਆਂ ਤੱਕ ਪਹੁੰਚ ਗਈ ਅਤੇ ਬੱਚੇ ਨੂੰ ਬਰਾਮਦ ਕਰਨ ਦੇ ਨਾਲ ਅਗਵਾ ਕਰਨ ਵਾਲਿਆਂ ਵਿਚ ਇੱਕ ਦੋਸ਼ੀ ਨੂੰ ਮੋਗਾ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ। ਇਸ ਵਿਚ ਮੁੱਖ ਦੋਸ਼ੀ ਵਿਸ਼ਾਲ ਕੁਮਾਰ ਵਾਸੀ ਮੋਗਾ ਹੈ ਅਤੇ ਉਸ ਨੇ ਬੱਚੇ ਨੂੰ ਅਗਵਾ ਕਰਨ ਦੇ ਨਾਲ ਜਵੰਦਾ ਸਿੰਘ ਨਾਂਅ ਦੇ ਵਿਅਕਤੀ ਨੂੰ ਇਕ ਲੱਖ ਰੁਪਏ ਵਿਚ ਵੇਚ ਦਿੱਤਾ ਸੀ। ਕਰਮਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਰੌਂਤਾ ਜੋ ਆਪਣੀ ਪਤਨੀ ਅਤੇ ਆਪਣੇ ਇੱਕ ਤਿੰਨ ਸਾਲ ਦੇ ਬੱਚੇ ਅਮਨਜੋਤ ਅਤੇ ਅੱਠ ਮਹੀਨਿਆਂ ਦੇ ਬੱਚੇ ਅਭਿਜੀਤ ਸਿੰਘ ਨਾਲ ਮੋਗਾ ਦੇ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਏ ਸਨ। ਪਰ ਇਸ ਮਾਮਲੇ ਵਿਚ ਮੁੱਖ ਦੋਸ਼ੀ ਮੰਨਿਆਂ ਜਾਂਦਾ ਵਿਸ਼ਾਲ ਕੁਮਾਰ ਨੇ ਸਿਵਲ ਹਸਪਤਾਲ ਮੋਗਾ ਆ ਕੇ ਕਰਮਜੀਤ ਸਿੰਘ ਨਾਲ ਮੇਲ ਮਿਲਾਪ ਕਰ ਲਿਆ ਅਤੇ ਮੌਕਾ ਪਾਉਂਦੇ ਹੀ ਉਹ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਿਆ। ਥਾਣਾ ਸਿਟੀ ਸਾਊਥ ਵਿਚ ਦੋਸ਼ੀਆਂ ਖਿਲਾਫ਼ ਅ/ਧ 363-ਏ, 370 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਸੁਰਿੰਦਰਜੀਤ ਸਿੰਘ ਮੰਡ ਨੇ ਕਿਹਾ ਕਿ ਜ਼ਿਲ੍ਹਾ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਹਰ ਉਪਰਾਲਾ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਦੇ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਮੋਗਾ ਵਾਸੀਆਂ ਨੂੰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।




