ਸਿੱਖਿਆਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਰਾਜਰਾਜਨੀਤੀ
ਵਧੀਕ ਜਿ਼ਲ੍ਹਾ ਚੋਣ ਅਫ਼ਸਰ ਨੇ ਕੀਤੀ ਸਮੂਹ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਆਈਲੈਟਸ ਸੈਂਟਰਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ
ਆਈਲੈਟਸ ਸੈਂਟਰ/ਕਾਲਜ 1 ਦਸੰਬਰ ਨੂੰ ਸਾਰੇ ਵਿਦਿਆਰਥੀਆਂ ਦੇ ਵੈਕਸੀਨੇਸ਼ਨ ਸਰਟੀਫਿਕੇਟ ਜਿ਼ਲ੍ਹਾ ਪ੍ਰਸਾਸ਼ਨ ਨੂੰ ਕਰਵਾਉਣਗੇ ਜਮ੍ਹਾਂ-ਹਰਚਰਨ ਸਿੰਘ

ਮੋਗਾ, 14 ਨਵੰਬਰ(Charanjit Singh)ਅੱਜ ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜਿ਼ਲ੍ਹਾ ਚੋਣ ਅਫ਼ਸਰ ਮੋਗਾ ਸ੍ਰੀ ਹਰਚਰਨ ਸਿੰਘ ਨੇ ਜਿ਼ਲ੍ਹਾ ਦੇ ਸਮੂਹ ਆਈਲੈਟਸ ਸੈਂਟਰਾਂ ਦੇ ਪ੍ਰਤੀਨਿਧੀਆਂ ਅਤੇ ਸਮੂਹ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦਾ ਮੁੱਖ ਮਕਸਦ ਆਈਲੈਟਸ ਸੈਂਟਰਾਂ ਅਤੇ ਕਾਲਜਾਂ ਵਿੱਚ ਪੜਾਈ ਕਰਦੀ ਨੌਜਵਾਨ ਪੀੜ੍ਹੀ ਵਿੱਚ ਵੋਟ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ, ਉਨ੍ਹਾਂ ਦੀ ਵੋਟ ਨੂੰ ਬਣਾਉਣਾ ਅਤੇ ਕੋਵਿਡ ਵੈਕਸੀਨੇਸ਼ਨ ਦੀਆਂ ਦੋਨੋਂ ਖੁਰਾਕਾਂ ਨੂੰ ਲਗਵਾਉਣਾ ਸੀ। ਇਸ ਮੀਟਿੰਗ ਵਿੱਚ ਜਿ਼ਲ੍ਹਾ ਵਿਕਾਸ ਫੈਲੋ ਸ੍ਰੀ ਰਵੀ ਤੇਜਾ, ਜਿ਼ਲ੍ਹਾ ਚੋਣ ਤਹਿਸੀਲਦਾਰ ਸ੍ਰੀ ਬਰਜਿੰਦਰ ਸਿੰਘ, ਪ੍ਰੋਫੈਸਰ ਗੁਰਪ੍ਰੀਤ ਸਿੰਘ ਘਾਲੀ ਅਤੇ ਹੋਰ ਸਰਕਾਰੀ ਪ੍ਰਤੀਨਿਧੀਆਂ ਨੇ ਵੀ ਭਾਗ ਲਿਆ।
ਮੀਟਿੰਗ ਵਿੱਚ ਸ੍ਰੀ ਹਰਚਰਨ ਸਿੰਘ ਨੇ ਬੋਲਦਿਆਂ ਦੱਸਿਆ ਕਿ ਮਜਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਨੌਜਵਾਨ ਪੀੜ੍ਹੀ ਦੀ ਵੋਟ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਇਸ ਲਈ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਲਗਾਤਾਰ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਜਿ਼ਲ੍ਹਾ ਦੇ ਵੱਧ ਤੋਂ ਵੱਧ ਯੋਗ ਨੌਜਵਾਨ ਲੜਕੇ ਲੜਕੀਆਂ ਦੀ ਵੋਟ ਬਣਾਈ ਜਾਵੇ।
ਮੀਟਿੰਗ ਵਿੱਚ ਵਧੀਕ ਜਿ਼ਲ੍ਹਾ ਚੋਣ ਅਫ਼ਸਰ ਨੇ ਆਈਲੈਟਸ ਸੈਂਟਰਾਂ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਵਧੇਰੇ ਨੌਜਵਾਨ ਪੀੜ੍ਹੀ ਆਈਲੈਟਸ ਸੈਂਟਰਾਂ ਵਿੱਚ ਪੜ੍ਹ ਰਹੀ ਹੈ, ਇਸ ਲਈ ਇਹ ਜਰੂਰੀ ਹੈ ਕਿ ਇਨ੍ਹਾਂ ਸੈਂਟਰਾਂ ਵਿੱਚ ਵੀ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਵੋਟ ਬਣਾਉਣ ਲਈ ਵੀ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਸੈਂਟਰਾਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਸਿਰਫ਼ 2 ਤੋਂ 5 ਮਿੰਟ ਦਾ ਇੱਕ ਵੋਟ ਦੀ ਮਹੱਤਤਾ ਉੱਪਰ ਭਾਸ਼ਣ ਜਰੂਰ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਆਪਣੀ ਕੀਮਤੀ ਵੋਟ ਬਣਾਉਣ ਅਤੇ ਇਸਤੇ ਸਹੀ ਇਸਤੇਮਾਲ ਬਾਰੇ ਚੇਤਨਤਾ ਹੋ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੋਟਰ ਹੈਲਪਲਾਈਨ ਐਪ ਬਾਰੇ ਵੀ ਜਰੂਰੀ ਤੌਰ ਤੇ ਜਾਗਰੂਕ ਕੀਤਾ ਜਾਵੇ ਕਿਉਂਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਹ ਉਪਰਾਲਾ ਚੰਗੇ ਲੋਕਤੰਤਰ ਦੇ ਨਿਰਮਾਣ ਵਿੱਚ ਮੀਲ ਪੱਥਰ ਸਾਬਿਤ ਹੋ ਸਕਦਾ ਹੈ।
ਉਨ੍ਹਾਂ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਵੀ ਦੱਸਿਆ ਕਿ ਉਨ੍ਹਾਂ ਅਧੀਨ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਦੀ ਵੋਟ ਬਣਾਉਣ, ਕੋਵਿਡ ਵੈਕਸੀਨੇਸ਼ਨ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਆਈਲੈਟਸ ਸੈਂਟਰਾਂ ਦੇ ਪ੍ਰਤੀਨਿਧੀਆਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਕਿ ਉਹ ਮਿਤੀ 1 ਦਸੰਬਰ 2021 ਨੂੰ ਸਰਟੀਫਿਕੇਟ ਦੇਣਗੇ ਕਿ ਉਨ੍ਹਾਂ ਅਧੀਨ ਪੜ੍ਹਦੇ ਬੱਚਿਆਂ ਦੀ ਵੋਟ ਬਣਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਿਤੀ 30 ਨਵੰਬਰ 2021 ਤੱਕ ਵਿਦਿਆਰਥੀਆਂ ਦੇ ਕੋਵਿਡ ਖੁਰਾਕਾਂ ਲਗਵਾਉਣੀਆਂ ਵੀ ਯਕੀਨੀ ਬਣਾਈਆਂ ਜਾਣ ਅਤੇ ਮਿਤੀ 1 ਦਸੰਬਰ 2021 ਨੂੰ ਜਿ਼ਲ੍ਹਾ ਪ੍ਰਸਾਸ਼ਨ ਨੂੰ ਉਨ੍ਹਾਂ ਅਧੀਨ ਪੜ੍ਹਦੇ ਵਿਦਿਆਰਥੀਆਂ ਅਤੇ ਸਟਾਫ਼ ਦੇ ਕੋਵਿਡ ਵੈਕਸੀਨੇਸ਼ਨ ਦੇ ਸਰਟੀਫਿਕੇਟ ਵੀ ਜਮ੍ਹਾਂ ਕਰਵਾਏ ਜਾਣ।
ਉਨ੍ਹਾਂ ਕਿਹਾ ਕਿ ਜਿ਼ਲ੍ਹਾ ਪ੍ਰਸਾਸ਼ਨ ਵੱਲੋਂ ਆਈਲੈਟਸ ਸੈਂਟਰਾਂ ਜਾਂ ਕਾਲਜਾਂ ਦੀ ਕਿਸੇ ਵੇਲੇ ਵੀ ਚੈਕਿੰਗ ਕੀਤੀ ਜਾ ਸਕਦੀ ਹੈ ਕਿ, ਕੀ ਇਥੋਂ ਦੇ ਸਟਾਫ਼ ਜਾਂ ਵਿਦਿਆਰਥੀਆਂ ਦੇ ਕੋਵਿਡ ਖੁਰਾਕਾਂ ਲੱਗ ਚੁੱਕੀਆਂ ਹਨ ਜਾਂ ਨਹੀਂ ਜਾਂ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੇ ਗਏ ਮਿਤੀ 30 ਨਵੰਬਰ 2021 ਤੱਕ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਦੇ ਕੋਵਿਡ ਖੁਰਾਕਾਂ ਅਤੇ ਵੋਟ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਮਲ ਹੋ ਰਿਹਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਬੰਧਤਾਂ ਨੂੰ ਦਿੱਤੇ ਗਏ ਟੀਚੇ ਵਿੱਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੀਟਿੰਗ ਵਿੱਚ ਚੋਣ ਦਫ਼ਤਰ ਦੇ ਨੁਮਾਇੰਦੇ ਵੱਲੋਂ ਸਮੂਹ ਹਾਜ਼ਰੀਨ ਨਾਲ ਵੋਟਰ ਹੈਲਪਲਾਈਨ ਐਪ ਅਤੇ ਐਨ.ਵੀ.ਐਸ.ਪੀ. ਪੋਰਟਲ ਨੂੰ ਵਰਤਣ ਅਤੇ ਇਸ ਅਧੀਨ ਮਿਲਣ ਵਾਲੀਆਂ ਵੋਟਾਂ ਸਬੰਧੀ ਸੇਵਾਵਾਂ ਬਾਰੇ ਬੜੇ ਹੀ ਵਿਸਥਾਰ ਸਹਿਤ ਚਾਨਣਾ ਪਾਇਆ।
ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਆਈਲੈਟਸ ਸੈਂਟਰਾਂ ਦੇ ਪ੍ਰਤੀਨਿਧੀਆਂ ਨੇ ਮੀਟਿੰਗ ਵਿੱਚ ਵਧੀਕ ਜਿ਼ਲ੍ਹਾ ਚੋਣ ਅਫ਼ਸਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਜਿ਼ਲ੍ਹਾ ਪ੍ਰਸ਼ਾਸ਼ਨ ਦਾ ਕੋਵਿਡ ਵੈਕਸੀਨੇਸ਼ਨ ਅਤੇ ਹਰ ਨੌਜਵਾਨ ਦੀ ਵੋਟ ਬਣਾਉਣ ਦੀ ਮੁਹਿੰਮ ਵਿੱਚ ਜਿੰਨਾਂ ਹੋ ਸਕੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ।



