ਐਚ ਆਈ ਵੀ/ ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮੋਗਾ 29 ਅਕਤੂਬਰ ( Charanjit Singh) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਾ ਅੰਦੇਸ਼ ਕੰਗ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾਕਟਰ ਅਮਰਪ੍ਰੀਤ ਕੌਰ ਬਾਜਵਾ ਸਿਵਲ ਸਰਜਨ ਮੋਗਾ ਨੇ ਐਚ ਆਈ ਵੀ/ ਏਡਜ਼ ਜਾਗਰੂਕਤਾ ਵੈਨ ਨੂੰ ਸਿਵਲ ਹਸਪਤਾਲ ਮੋਗਾ ਤੋਂ ਹਰੀ ਝੰਡੀ ਦੇ ਕੇ ਜਾਗਰੂਕਤਾ ਮੁਹਿੰਮ ਲਈ ਰਵਾਨਾ ਕੀਤਾ l ਉਨ੍ਹਾਂ ਦੱਸਿਆ ਕਿ ਇਹ ਵੈਨ ਜ਼ਿਲ੍ਹੇ ਵਿਚ ਦਸ ਦਿਨ ਰਹੇਗੀ ਅਤੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰੇਗੀ l ਜਾਗਰੂਕਤਾ ਟੀਮ ਤੋਂ ਇਲਾਵਾ ਇਸ ਵੈਨ ਵਿੱਚ ਇਕ ਲੈਬ ਟੈਕਨੀਸ਼ੀਅਨ ਅਤੇ ਐਚ ਆਈ ਵੀ ਕੌਂਸਲਰ ਹੋਵੇਗਾ ਜੋ ਐਚ ਆਈ ਵੀ / ਏਡਜ਼ ਦੀ ਮੁਫ਼ਤ ਜਾਂਚ ਅਤੇ ਮਰੀਜ਼ਾਂ ਦੀ ਕੌਂਸਲਿੰਗ ਕਰਨਗੇ । ਇੱਥੇ ਇਹ ਵੀ ਵਰਨਣਯੋਗ ਹੈ ਕਿ ਕੱਲ੍ਹ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਨੇ 11ਵੈਨਾ ਨੂੰ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਲਈ ਐਚ ਆਈ ਵੀ ਏਡਜ਼ ਜਾਗਰੂਕਤਾ ਮੁਹਿੰਮ ਲਈ ਰਵਾਨਾ ਕੀਤਾ ਸੀ । ਇਸ ਰੋਗ ਬਾਰੇ ਬੋਲਦਿਆਂ ਡਾ ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਏਡਜ਼ ਮਨੁੱਖੀ ਰੋਗ- ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ,ਜੋ ਐਚ ਆਈ ਵੀ( ਮਨੁੱਖੀ ਪ੍ਰਤੀਰੋਧਤਾ -ਘਾਟ ਵਾਇਰਸ) ਰਾਹੀਂ ਫੈਲਦਾ ਹੈ। ਮੂਲ ਰੂਪ ਵਿੱਚ ਏਡਜ ਅਸੁਰੱਖਿਅਤ ਸੰਭੋਗ, ਦੂਸ਼ਿਤ ਲਹੂ ਬਦਲੀ , ਦੂਸ਼ਿਤ ਸੂਈਆਂ ਅਤੇ ਮਾਂ ਦੇ ਗਰਭ ਤੋਂ ਬੱਚੇ ਨੂੰ ਫੈਲਦਾ ਹੈ। ਇਸ ਦਾ ਕੋਈ ਇਲਾਜ ਜਾਂ ਵੈਕਸੀਨ ਨਹੀਂ ਹੈ ।ਸੋ ਪਬਲਿਕ ਨੂੰ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ l ਇਸ ਦਾ ਪਰਤਵਾਂ ਵਾਇਰਸ ਵਿਰੋਧੀ (ਏ ਆਰ ਟੀ ) ਇਲਾਜ ਹੈ, ਜੋ ਇਸ ਰੋਗ ਦੀ ਚਾਲ ਨੂੰ ਮੱਠਾ ਕਰ ਸਕਦਾ ਹੈ ਅਤੇ ਲਗਭੱਗ ਮਰੀਜ਼ ਨੂੰ ਕੁਦਰਤੀ ਜੀਵਨ ਕਾਲ ਭੋਗਣ ਦੀ ਸਮਰੱਥਾ ਬਖ਼ਸ਼ਦਾ ਹੈ, ਪਰ ਇਹ ਇਲਾਜ ਇਸ ਰੋਗ ਨੂੰ ਖ਼ਤਮ ਨਹੀਂ ਕਰ ਸਕਦਾ ।ਇਸ ਸਮੇਂ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨਾਲ ਲੋਕਾ ਵਿਚ ਜਾਣਕਾਰੀ ਦਾ ਬਹੁਤ ਵਾਧਾ ਹੋਵੇਗਾ। ਇਸ ਮੌਕੇ ਤੇ ਡਾਕਟਰ ਮਨੀਸ਼ ਅਰੋੜਾ ਜਿਲਾ ਟੀ ਬੀ ਅਫ਼ਸਰ ਮੋਗਾ ਨੇ ਕਿਹਾ ਕਿ ਇਸ ਵੈਣ ਵਿਚ ਜਾਗਰੂਕਤਾ ਦੇ ਨਾਲ ਟੈਸਟਿੰਗ ਦੇ ਵੀ ਪਰਬੰਧ ਹਨ ਬਲਾਕ ਪੱਧਰ ਤੇ ਕਰਮਚਾਰੀਆਂ ਤੇ ਪੈਰਾ ਮੈਡੀਕਲ ਸਟਾਫ ਦੀ ਡਿਊਟੀ ਲਗਾਈ ਗਈ ਹੈ। ਇਸ ਸਮੇਂ ਜਿਲਾ ਸਿੱਖਿਆ ਅਤੇ ਸੂਚਨਾ ਅਫ਼ਸਰ ਕ੍ਰਿਸ਼ਨਾ ਸ਼ਰਮਾ , ਜਿਲਾ ਪ੍ਰੋਗਰਾਮ ਮੈਨੇਜਰ ਵਿਨੇਸ਼ ਨਾਗਪਾਲ,ਡਾਕਟਰ ਗਗਨਦੀਪ ਸਿੰਘ ਸਿੱਧੂ ,ਅੰਮ੍ਰਿਤ ਸ਼ਰਮਾ ਅਤੇ ਭਾਈ ਘਨਈਆ ਨਰਸਿੰਗ ਕਾਲਜ ਧਰਮਕੋਟ ਦੇ ਵਿਦਿਆਰਥੀ ਅਤੇ ਅਧਿਆਪਕ ਹਰਪ੍ਰੀਤ ਸਿੰਘ ਔਗੜ ਵੀ ਹਾਜ਼ਿਰ ਸਨ ।





