ਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਰਾਜਰਾਜਨੀਤੀ
ਵੋਟਾਂ ਦੀ ਸੁਧਾਈ ਲਈ ਸਪੈਸ਼ਲ ਕੈਂਪ ਮਿਤੀ 20 ਅਤੇ 21 ਨਵੰਬਰ ਨੂੰ ਲੱਗਣਗੇ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ

ਮੋਗਾ, 18 ਨਵੰਬਰ (Charanjit Singh) -ਸ਼੍ਰੀ ਹਰੀਸ਼ ਨਾਇਰ, ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ, 2022 ਦੇ ਅਧਾਰ ਤੇ ਵੋਟਰ ਸੂਚੀ ਦੀ ਸਮਰੀ ਰਿਵੀਜ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਲਈ ਜਿੰਨ੍ਹਾਂ ਨਾਗਰਿਕਾ ਦੀ ਉਮਰ ਮਿਤੀ 01-01-2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਨ੍ਹਾਂ ਦੀ ਵੋਟ ਨਹੀਂ ਬਣੀ, ਨੂੰ ਆਪਣੀ ਵੋਟ ਬਣਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 01-11-2021 ਤੋਂ 30-11-2021 ਦਾ ਸਮਾਂ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਤੁਸੀਂ ਕੰਮ ਵਾਲੇ ਦਿਨ ਆਪਣੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਦੇ ਦਫਤਰ ਦੇ ਵਿੱਚ ਜਾ ਕੇ ਆਪਣੀ ਨਵੀਂ ਵੋਟ ਦਾ ਫਾਰਮ ਨੰ.6 ਭਰਕੇ ਦੇ ਸਕਦੇ ਹਨ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ‘ਤੇ ਜਾ ਕੇ ਆਨਲਾਈਨ ਫਾਰਮ ਵੀ ਭਰ ਸਕਦੇ ਹਨ। ਜੇਕਰ ਫਿਰ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਆਉਂਦੀ ਹੈ ਤਾਂ 1950 ਟੌਲ ਫ੍ਰੀ ਨੰਬਰ ਤੇ ਮੁਫਤ ਕਾਲ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸਮੇਂ ਦੌਰਾਨ ਜੇਕਰ ਕਿਸੇ ਵੀ ਵੋਟਰ ਵੱਲੋਂ ਆਪਣੇ ਵੋਟਰ ਕਾਰਡ ਵਿੱਚ ਦਰੁਸਤੀ ਕਰਵਾਉਣੀ ਹੈ ਜਾਂ ਵੋਟ ਕੱਟਵਾਉਣੀ ਹੈ ਤਾਂ ਉਹ ਵੀ ਫਾਰਮ ਭਰਕੇ ਦੇ ਸਕਦੇ ਹਨ।
ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਪ੍ਰੋਗਰਾਮ ਅਨੁਸਾਰ ਵੋਟਾਂ ਬਣਾਉਣ ਲਈ ਸਪੈਸ਼ਲ ਦੂਸਰਾ ਕੈਂਪ ਮਿਤੀ 20-11-2011 (ਸ਼ਨੀਵਾਰ) ਅਤੇ 21-11-2021 (ਐਤਵਾਰ) ਨੂੰ ਲਗਾਇਆ ਜਾ ਰਿਹਾ ਹੈ। ਇਨ੍ਹਾਂ ਮਿਤੀਆਂ ਨੂੰ ਜਿਲ੍ਹਾ ਮੋਗਾ ਦੇ ਸਮੂਹ ਬੂਥ ਲੈਵਲ ਅਫਸਰ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਬੈਠ ਕੇ ਆਮ ਜਨਤਾ ਤੋਂ ਫਾਰਮ ਪ੍ਰਾਪਤ ਕਰਨਗੇ। ਇਸ ਲਈ ਇਨ੍ਹਾਂ ਮਿਤੀਆਂ ਨੂੰ ਤੁਸੀਂ ਆਪਣੇ ਘਰ ਦੇ ਨੇੜੇ ਦੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੇ ਬੂਥ ਲੈਵਲ ਅਫਸਰ ਪਾਸ ਵੋਟ ਬਣਾਉਣ ਲਈ ਫਾਰਮ ਨੰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7 ਅਤੇ ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਫਾਰਮ ਨੰ 8 ਅਤੇ ਇੱਕ ਪੋਲਿੰਗ ਸਟੇਸ਼ਨ ਤੋਂ ਦੂਸਰੇ ਪੋਲਿੰਗ ਸਟੇਸ਼ਨ ਵਿੱਚ ਵੋਟ ਟਰਾਂਸਫਰ ਕਰਨ ਲਈ ਫਾਰਮ ਨੰ. 8 ਏ ਭਰ ਕੇ ਦੇ ਸਕਦੇ ਹੋ।
ਉਹਨਾਂ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਇਹ ਵੋਟਰ ਲਿਸਟ ਹੀ ਵਰਤੀ ਜਾਵੇਗੀ। ਇਸ ਲਈ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਉਕਤ ਮਿਤੀਆਂ ਨੂੰ ਪਹੁੰਚ ਕੇ ਵੋਟਰ ਲਿਸਟ ਵਿੱਚ ਆਪਣਾ ਨਾਮ ਜ਼ਰੂਰ ਚੈਕ ਕੀਤਾ ਜਾਵੇ, ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਿੰਦੇ ਤੁਸੀਂ ਆਪਣੇ ਵੋਟ ਦੇ ਹੱਕ ਦੀ ਬਾਖੂਬੀ ਵਰਤੋਂ ਕਰ ਸਕੋ। ਸਾਰੇ ਵੋਟਰ ਆਪਣੀ ਵੋਟ ਇੱਕ ਹੀ ਥਾਂ ਤੇ ਬਣਵਾਉਣ। ਜੇਕਰ ਕੋਈ ਵੋਟਰ 2 ਥਾਂ ਤੇ ਆਪਣੀ ਵੋਟ ਬਣਾਏਗਾ ਤਾਂ ਉਸ ਤੇ 1950 ਦੀ ਧਾਰਾ 31 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਉਹਨਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੇ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੀਏ ਅਤੇ ਜਿੰਨ੍ਹਾਂ ਨਾਗਰਿਕਾਂ ਦੀਆਂ ਵੋਟਾਂ ਅਜੇ ਤੱਕ ਨਹੀ ਬਣੀਆਂ ਜਰੂਰ ਬਣਵਾਈਏ।




