( ਚਰਨਜੀਤ ਸਿੰਘ )
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦਾ ਕਤਲ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਨਸ਼ਾ ਤਸਕਰੀ ਦਾ ਮੁੱਦਾ ਸਿਰਫ਼ ਨਸ਼ੇ ਦੀ ਵਿਕਰੀ ਤੱਕ ਸੀਮਤ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੋਹਣ ਸਿੰਘ ਖੇਲਾ ਨੇ ਕਿਹਾ ਕਿ
ਅੱਜ ਸਵੇਰੇ ਵਾਪਰੀ ਸਨਸਨੀਖੇਜ਼ ਵਾਰਦਾਤ ਵਿੱਚ ਐਂਟੀ-ਡਰੱਗ ਟਾਸਕ ਫੋਰਸ ਦੇ ਮੁਖੀ ਪਰਵਿੰਦਰ ਸਿੰਘ ਝੋਟਾ ਨੂੰ ਇੱਕ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਵੱਲੋਂ ਨਜ਼ਦੀਕ ਤੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਉਸਦਾ ਇੱਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਰਵਿੰਦਰ ਝੋਟਾ ਆਪਣੀ ਟੀਮ ਨਾਲ ਮੈਡੀਕਲ ਸਟੋਰ ’ਤੇ ਪਹੁੰਚਿਆ ਸੀ ਅਤੇ ਉਸਨੇ ਦੁਕਾਨਦਾਰ ਤੋਂ ਸਵਾਲ ਕੀਤਾ ਸੀ ਕਿ ਸਵੇਰੇ ਕਿਸ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਵੇਚੀਆਂ ਗਈਆਂ ਹਨ। ਇਸ ਗੱਲ ਨੂੰ ਲੈ ਕੇ ਹੋਈ ਬਹਿਸ ਦੌਰਾਨ ਦੁਕਾਨਦਾਰ ਨੇ ਪਿਸਤੌਲ ਕੱਢ ਕੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਝੋਟਾ ਵੱਲੋਂ ਕੀਤੇ ਜਾ ਰਹੇ ਫੇਸਬੁੱਕ ਲਾਈਵ ਵਿੱਚ ਕੈਦ ਹੋ ਗਈ। ਸੋਹਣ ਸਿੰਘ ਖੇਲਾ ਨੇ ਕਿਹਾ ਕਿ ਪਰਵਿੰਦਰ ਝੋਟਾ ਲੰਬੇ ਸਮੇਂ ਤੋਂ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਿਹਾ ਸੀ। ਉਸਦੇ ਕਹਿਣ ’ਤੇ ਕਈ ਪੰਚਾਇਤਾਂ ਨੇ ਨਸ਼ਿਆਂ ਖ਼ਿਲਾਫ਼ ਮਤੇ ਵੀ ਪਾਸ ਕੀਤੇ ਸਨ। ਉਹ ਮੈਡੀਕਲ ਸਟੋਰਾਂ ’ਤੇ ਜਾ ਕੇ ਲਾਈਵ ਵੀਡੀਓ ਬਣਾ ਕੇ ਨਸ਼ਾ ਵੇਚਣ ਵਾਲਿਆਂ ਦੀ ਪੋਲ ਖੋਲ੍ਹਦਾ ਸੀ।
ਸੋਹਣ ਸਿੰਘ ਖੇਲਾ ਯੂਥ ਕਾਂਗਰਸੀ ਆਗੂ ਨੇ ਕਿਹਾ ਕਿ
*ਜਦੋਂ ਕੋਈ ਵਿਅਕਤੀ ਨਸ਼ਿਆਂ ਦੇ ਕਾਰੋਬਾਰ ਬਾਰੇ ਜਨਤਕ ਤੌਰ ’ਤੇ ਆਵਾਜ਼ ਉਠਾਉਂਦਾ ਹੈ ਅਤੇ ਉਸੇ ਦੌਰਾਨ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ, ਤਾਂ ਸਵਾਲ ਸਿਰਫ਼ ਮੁਲਜ਼ਮਾਂ ਦਾ ਨਹੀਂ, ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ਦਾ ਵੀ ਬਣਦਾ ਹੈ।*
ਇਸ ਘਟਨਾ ਨੇ ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ।
ਖੇਲਾ ਨੇ ਕਿਹਾ ਕਿ ਭਗਵੰਤ ਮਾਨ ਦੀ, ਨਸ਼ਾ ਮੁਕਤ ਪੰਜਾਬ ਦਾ ਸੁਪਨਾ ਦਿਖਾਉਣ ਵਾਲੀ ਸਰਕਾਰ ਇਹ ਦੱਸੇ ਕਿ ਨਸ਼ਿਆਂ ਖ਼ਿਲਾਫ਼ ਲੜਨ ਵਾਲਿਆਂ ਦੇ ਹੌਸਲੇ ਕਿਵੇਂ ਬਚਾਏ ਜਾਣਗੇ, ਜਦੋਂ ਉਨ੍ਹਾਂ ਦੀ ਸੁਰੱਖਿਆ ਹੀ ਯਕੀਨੀ ਨਹੀਂ?
ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

