( ਚਰਨਜੀਤ ਸਿੰਘ )
ਧਰਮਕੋਟ ਇਲਾਕੇ ਵਿੱਚ ਕੁਝ ਕਥਿਤ ਪੱਤਰਕਾਰਾਂ ਵੱਲੋਂ ਬਲੈਕਮੇਲਿੰਗ ਦੇ ਮਾਮਲੇ ਵਧਣ ਕਾਰਨ ਪੱਤਰਕਾਰਤਾ ਦੀ ਸਾਖ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਧਰਮਕੋਟ ਵਿੱਚ ਬਲੈਕਮੇਲਰ ਪੱਤਰਕਾਰਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਇਮਾਨਦਾਰ ਪੱਤਰਕਾਰਾਂ ਨੂੰ ਵੀ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸੰਬੰਧੀ ਪ੍ਰੈਸ ਕਲੱਬ ਧਰਮਕੋਟ (ਰਜਿਸਟਰਡ) ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੁਝ ਲੋਕ ਪੱਤਰਕਾਰਤਾ ਦੇ ਨਾਮ ‘ਤੇ ਧੰਧਾ ਕਰ ਰਹੇ ਹਨ ਅਤੇ ਵਪਾਰੀਆਂ, ਸਰਕਾਰੀ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਡਰਾ-ਧਮਕਾ ਕੇ ਪੈਸਿਆਂ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤੱਤਾਂ ਦਾ ਅਸਲੀ ਪੱਤਰਕਾਰਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਲੋਕ ਸਮਾਜ ਅਤੇ ਮੀਡੀਆ ਦੋਵਾਂ ਨੂੰ ਬਦਨਾਮ ਕਰ ਰਹੇ ਹਨ।
ਪ੍ਰਧਾਨ ਛਾਬੜਾ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਪ੍ਰਧਾਨ ਦੇ ਨਾਮ ‘ਤੇ ਜਾਂ ਪ੍ਰੈਸ ਕਲੱਬ ਧਰਮਕੋਟ (ਰਜਿਸਟਰਡ) ਦੇ ਨਾਮ ‘ਤੇ ਕਿਸੇ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਤਾਂ 94646-71485 ਇਸ ਨੰਬਰ ਤੇ ਤੁਰੰਤ ਉਸ ਦੀ ਸ਼ਿਕਾਇਤ ਕੀਤੀ ਜਾਵੇ। ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਪੱਤਰਕਾਰ ਬਣ ਕੇ ਧਮਕੀਆਂ ਦੇ ਕੇ ਜਾਂ ਖ਼ਬਰ ਲਗਾਉਣ ਦੇ ਡਰ ਨਾਲ ਪੈਸੇ ਮੰਗਦਾ ਹੈ ਤਾਂ ਤੁਰੰਤ ਪ੍ਰੈਸ ਕਲੱਬ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਅਜਿਹੇ ਬਲੈਕਮੇਲਰਾਂ ਨੂੰ ਬੇਨਕਾਬ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਅਸਲੀ ਪੱਤਰਕਾਰਤਾ ਲੋਕਾਂ ਦੀ ਆਵਾਜ਼ ਬਣਨ ਲਈ ਹੁੰਦੀ ਹੈ, ਨਾ ਕਿ ਕਿਸੇ ਨੂੰ ਡਰਾ ਕੇ ਪੈਸੇ ਵਸੂਲਣ ਲਈ, ਅਤੇ ਪ੍ਰੈਸ ਕਲੱਬ ਅਜੇਹੀਆਂ ਗਲਤ ਗਤੀਵਿਧੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਪ੍ਰਸ਼ਾਸਨ ਨੂੰ ਅਪੀਲ:
ਇਸ ਮੌਕੇ ਪ੍ਰੈਸ ਕਲੱਬ ਧਰਮਕੋਟ (ਰਜਿਸਟਰਡ) ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਇਲਾਕੇ ਵਿੱਚ ਕਈ ਵਾਹਨਾਂ ‘ਤੇ “ਪ੍ਰੈਸ” ਲਿਖਿਆ ਹੋਇਆ ਹੈ, ਜਿਨ੍ਹਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਬਿਨਾਂ ਕਿਸੇ ਮਾਨਤਾ ਜਾਂ ਪਛਾਣ ਦੇ ਆਪਣੇ ਵਾਹਨਾਂ ‘ਤੇ “ਪ੍ਰੈਸ” ਲਿਖ ਕੇ ਘੁੰਮ ਰਹੇ ਹਨ, ਜਿਸ ਨਾਲ ਅਸਲੀ ਪੱਤਰਕਾਰਾਂ ਦੀ ਛਵੀ ਨੂੰ ਨੁਕਸਾਨ ਪਹੁੰਚਦਾ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਾਹਨਾਂ ‘ਤੇ “ਪ੍ਰੈਸ” ਲਿਖਿਆ ਹੋਇਆ ਹੈ, ਉਹਨਾਂ ਦੇ ਚਾਲਕਾਂ ਤੋਂ ਮਾਨਤਾ ਪ੍ਰਾਪਤ ਮੀਡੀਆ ਸੰਸਥਾ ਦੇ ਆਈਡੀ ਕਾਰਡ ਵੀ ਚੈੱਕ ਕੀਤੇ ਜਾਣ ਅਤੇ ਜੇਕਰ ਕੋਈ ਵਿਅਕਤੀ ਗਲਤ ਤਰੀਕੇ ਨਾਲ “ਪ੍ਰੈਸ” ਦਾ ਦੁਰਪਯੋਗ ਕਰਦਾ ਮਿਲੇ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

