
ਮੋਗਾ, 30 ਸਤੰਬਰ -(Charanjit Singh)
ਭਾਰਤ ਚੋਣ ਕਮਿਸ਼ਨ ਵੱਲੋਂ ਜਿੰਨ੍ਹਾਂ ਰਾਜਾਂ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਸਾਲ 2022 ਵਿੱਚ ਕਰਵਾਈਆਂ ਜਾਣੀਆਂ ਹਨ ਉਨ੍ਹਾਂ ਚੋਣਾਂ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦਾ ਪ੍ਰੋਗਰਾਮ 30 ਸਤੰਬਰ 2021 ਤੋਂ ਭੇਜਿਆ ਗਿਆ ਹੈ, ਜਿਸ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦਾ ਕੰਮ ਅੱਜ ਮਿਤੀ 30 ਸਤੰਬਰ 2021 ਨੂੰ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ (ਜ) ਮੋਗਾ ਸ੍ਰੀ ਹਰਚਰਨ ਸਿੰਘ ਜੀ ਦੀ ਸੁਪਰਵਿਜ਼ਨ ਹੇਠ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸ਼ੁਰੂ ਕਰਵਾਇਆ ਗਿਆ।
ਇਸ ਮੌਕੇ ਬੋਲਦਿਆਂ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਇਹ ਮਸ਼ੀਨਾਂ ਦੀ ਚੈਕਿੰਗ ਭਾਰਤ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਇੰਜੀਨੀਅਰਾਂ ਦੁਆਰਾ ਲੱਗਭਗ 15 ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਮਸ਼ੀਨਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਰਤੀਆਂ ਜਾਣੀਆਂ ਹਨ ਅਤੇ ਇਹ ਮਸ਼ੀਨਾਂ ਦਾ ਕੰਮ ਰੋਜ਼ਾਨਾ ਆਪਣੀ ਹਾਜ਼ਰੀ ਹੇਠ ਚੈੱਕ ਕੀਤਾ ਜਾਵੇ, ਤਾਂ ਜ਼ੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਚੋਣਾਂ ਦਾ ਕੰਮ ਪਾਰਦਰਸ਼ੀ ਤਰੀਕੇ ਨਾਲ ਸ਼ੁਰੂ ਹੋਵੇ।
ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਨੋਡਲ ਅਫ਼ਸਰ ਆਫ਼ ਈ.ਵੀ.ਐਮਜ਼, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਗਜੀਤ ਸਿੰਘ ਬੱਲ, ਚੋਣ ਤਹਿਸੀਲਦਾਰ ਮੋਗਾ ਸ੍ਰੀ ਬਰਜਿੰਦਰ ਸਿੰਘ, ਇਸ ਮੌਕੇ ਤੇ ਗਰਜੰਟ ਸਿੰਘ ਜੂਨੀਅਰ ਸਹਾਇਕ ਅਤੇ ਹੋਰ ਸਟਾਫ਼ ਹਾਜ਼ਰ ਸੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ ਕੁੱਲ 804 ਪੋਲਿੰਗ ਬੂਥ ਇਸ ਵੇਲੇ ਬਣਾਏ ਗਏ ਹਨ ਅਤੇ ਲੋੜ ਪੈਣ ਤੇ ਜਾਂ ਕਰੋਨਾ ਦੇ ਮੱਦੇਨਜ਼ਰ ਜੇਕਰ ਜਰੂਰਤ ਪੈਂਦੀ ਹੈ ਤਾਂ ਹੋਰ ਨਵੇਂ ਬੂਥ ਵੀ ਬਣਾਏ ਜਾ ਸਕਦੇ ਹਨ।




