ਅਨੋਖੇ ਅਜੂਬੇਅਪਰਾਧਸਿੱਖਿਆਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਦੁਰਘਟਨਾਦੇਸ਼ਧਰਮਫੋਟੋ ਗੈਲਰੀਮਨੋਰੰਜਨਮੁਫਤ ਜੋਇਨ ਕਰੋਮੂਵੀ ਰੀਵਿਊਰਾਜਰਾਜਨੀਤੀਵਪਾਰਵਿਸ਼ਵ
ਪਸ਼ੂਆਂ ਨੂੰ ਬਰੂਸੀਲੋਸਿਸ ਬਿਮਾਰੀ ਤੋਂ ਬਚਾਉਣ ਲਈ ਟੀਕੇ ਲੱਗਣੇ ਸ਼ੁਰੂ
ਸਿਰਫ਼ ਇੱਕ ਡੋਜ਼ ਪਸ਼ੂ ਨੂੰ ਸਾਰੀ ਉਮਰ ਰੱਖੇਗੀ ਬਿਮਾਰੀ ਤੋਂ ਸੁਰੱਖਿਅਤ - ਡਿਪਟੀ ਡਾਇਰੈਕਟਰ ਡਾ. ਹਰਵੀਨ ਕੌਰ

ਮੋਗਾ, 24 ਸਤੰਬਰ ( Charanjit Singh) ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਜ਼ਿਲ੍ਹਾ ਮੋਗਾ ਦੇ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੀ ਨੈਸ਼ਨਲ ਐਨੀਮਲ ਡਿਸੀਜ਼ ਕੰਟਰੋਲ ਪ੍ਰੋਗਰਾਮ (ਐਨ.ਏ.ਡੀ.ਸੀ.ਪੀ.) ਸਕੀਮ ਅਧੀਨ ਬਰੂਸੀਲੋਸਿਸ ਬਿਮਾਰੀ ਦੀ ਰੋਕਥਾਮ ਲਈ ਵੈਕਸੀਨ ਲੱਗਣੀ ਅੱਜ ਤੋਂ ਸ਼ੁਰੂ ਹੋ ਗਈ ਹੈ।
ਉਨ੍ਹਾਂ ਇਸ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰੂਸੀਲੋਸਿਸ ਇੱਕ ਪਸ਼ੂਆਂ ਦੀ ਅਜਿਹੀ ਬਿਮਾਰੀ ਹੈ ਜਿਹੜੀ ਕਿ ਬੈਕਟੀਰੀਆ ਇਨਫੈਕਸ਼ਨ ਕਾਰਣ ਫੈਲਦੀ ਹੈ। ਇਸ ਬਿਮਾਰੀ ਨਾਲ ਫੀਮੇਲ ਪਸ਼ੂਆਂ ਨੂੰ ਗਰਭਪਾਤ, ਬਾਂਝਪਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਸ ਬਿਮਾਰੀ ਤੋਂ ਬਚਾਅ ਲਈ ਪਸ਼ੂਆਂ ਦਾ ਟੀਕਾਕਰਨ ਕਰਵਾਉਣਾ ਬਹੁਤ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਇਹ ਵੈਕਸੀਨ 4 ਤੋਂ 8 ਮਹੀਨਿਆਂ ਦੀਆਂ ਵੱਛੀਆਂ ਅਤੇ ਕੱਟੀਆਂ ਭਾਵ ਫੀਮੇਲ ਪਸ਼ੂਆਂ ਨੂੰ ਲਗਾਈ ਜਾਣੀ ਹੈ। ਵੈਕਸੀਨ ਦੌਰਾਨ ਜਾਨਵਰ ਦੇ ਕੰਨ ਵਿੱਚ 12 ਨੰਬਰਾਂ ਵਾਲਾ ਟੈਗ ਪਾਇਆ ਜਾਣਾ ਹੈ ਅਤੇ ਵੈਕਸੀਨੇਸ਼ਨ ਦੀ ਆਨਲਾਈਨ ਐਂਟਰੀ ਆਈ.ਐਨ.ਏ.ਪੀ.ਐਚ. ਪੋਰਟਲ ਤੇ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇੱਕ ਪਸ਼ੂ ਦੇ ਇਹ ਵੈਕਸੀਨ ਸਿਰਫ਼ ਇੱਕ ਵਾਰੀ ਹੀ ਲੱਗਣੀ ਹੈ ਜਿਹੜੀ ਕਿ ਪਸ਼ੂ ਦੀ ਉਮਰ ਭਰ ਲਈ ਇਸ ਬਿਮਾਰੀ ਤੋਂ ਰੱਖਿਆ ਕਰੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ ਕੁੱਲ 2 ਲੱਖ 77 ਹਜ਼ਾਰ 60 ਪਸ਼ੂ (ਮੱਝਾਂ, ਗਾਵਾਂ, ਕੱਟੀਆਂ, ਵੱਛੀਆਂ ਆਦਿ ਸਾਰੇ ਉਮਰ ਗਰੁੱਪਾਂ ਸਮੇਤ) ਸ਼ਾਮਿਲ ਹਨ। ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ ਬਰੂਸੀਲੋਸਿਸ ਬਿਮਾਰੀ ਤੋਂ ਬਚਾਉਣ ਵਾਲੇ 29,000 ਟੀਕੇ ਉਪਲੱਬਧ ਹਨ ਜਿਹੜੇ ਕਿ 4 ਤੋਂ 8 ਮਹੀਨਿਆਂ ਦੀਆਂ ਵੱਛੀਆਂ ਅਤੇ ਕੱਟੀਆਂ ਭਾਵ ਫੀਮੇਲ ਪਸ਼ੂਆਂ ਦੇ ਘਰ ਘਰ ਲੱਗਣੇ ਸ਼ੁਰੂ ਹੋ ਚੁੱਕੇ ਹਨ।
ਉਨ੍ਹਾਂ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਖਾਸ ਕਰਕੇ ਵੱਡੇ ਡੇਅਰੀ ਫਾਰਮਰਜ਼ ਨੂੰ ਅਪੀਲ ਕੀਤੀ ਕਿ ਆਪਣੀ ਨਜ਼ਦੀਕ ਦੀ ਪਸ਼ੂ ਪਾਲਕ ਸੰਸਥਾ ਨਾਲ ਸੰਪਰਕ ਕਰਕੇ ਆਪਣੇ ਯੋਗ ਪਸ਼ੂਆਂ ਦੀ ਵੈਕਸੀਨੇਸ਼ਨ ਕਰਵਾਉਣ ਕਿਉਂਕਿ ਇਹ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀ ਇੱਕ ਲਾਗ ਦੀ ਬਿਮਾਰੀ ਹੈ ਅਤੇ ਪਸ਼ੂਆਂ ਲਈ ਇਹ ਬਿਮਾਰੀ ਘਾਤਕ ਸਿੱਧ ਹੋ ਸਕਦੀ ਹੈ।




