ਮੱਛੀ ਪਾਲਣ ਧੰਦੇ ਲਈ ਮੁਫ਼ਤ ਸਿਖਲਾਈ ਕੈਂਪ 1 ਤੋਂ 5 ਜਨਵਰੀ ਤੱਕ
ਚਾਹਵਾਨ 1 ਜਨਵਰੀ ਨੂੰ ਸਹਾਇਕ ਮੱਛੀ ਪਾਲਣ ਦਫ਼ਤਰ ਵਿਖੇ ਪਹੁੰਚ ਕੇ ਕਰਵਾ ਸਕਣਗੇ ਰਜਿਸਟ੍ਰੇਸ਼ਨ-ਜਤਿੰਦਰ ਸਿੰਘ ਗਰੇਵਾਲ

ਮੋਗਾ, 29 ਦਸੰਬਰ:
ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ, ਮੋਗਾ ਸ੍ਰੀ ਜਤਿੰਦਰ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਛੀ ਪਾਲਣ ਦਾ ਧੰਦਾ ਅਪਨਾਉਣ ਦੇ ਚਾਹਵਾਨ ਵਿਅਕਤੀਆਂ ਲਈ ਮੱਛੀ ਪਾਲਣ ਸਬੰਧੀ ਮੁਫ਼ਤ ਸਿਖ਼ਲਾਈ ਕੈਂਪ 1 ਤੋਂ 5 ਜਨਵਰੀ 2024 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਤਲੁਜ ਬਲਾਕ ਵਿਖੇ ਸਥਿਤ ਦਫ਼ਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਮੋਗਾ ਦੇ ਕਮਰਾ ਨੰਬਰ 321 ਵਿਖੇ ਸ਼ੁਰੂ ਹੋਣਾ ਹੈ। ਇਸ ਸਿਖਲਾਈ ਕੈਂਪ ਵਿੱਚ ਜ਼ਿਲਾ ਮੋਗਾ ਦੇ ਮੱਛੀ ਪਾਲਣ ਧੰਦਾ ਅਪਣਾਉਣ ਦੇ ਚਾਹਵਾਨ ਵਿਅਕਤੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਇਸ ਸਿਖਲਾਈ ਕੈਂਪ ਵਿੱਚ ਭਾਗ ਲੈਣ ਲਈ ਚਾਹਵਾਨ ਵਿਅਕਤੀ ਆਪਣੇ ਨਾਲ ਅਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਅਤੇ ਇੱਕ ਪਾਸਪੋਰਟ ਸਾਈਜ ਫੋਟੋ ਲੈ ਕੇ ਮਿਤੀ 1 ਜਨਵਰੀ 2024 ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਸਵੇਰੇ 9 ਵਜੇ ਤੋ 5 ਵਜੇ ਤੱਕ ਮੱਛੀ ਪਾਲਣ ਦਫ਼ਤਰ ਮੋਗਾ ਵਿਖੇ ਪਹੁੰਚ ਸਕਦੇ ਹਨ।
ਉਨਾਂ ਦੱਸਿਆ ਕਿ ਸਫ਼ਲਤਾ ਪੂਰਵਕ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ 5 ਜਨਵਰੀ 2024 ਨੂੰ ਹੀ ਸਰਟੀਫਿਕੇਟ ਵੀ ਤਕਸੀਮ ਕੀਤੇ ਜਾਣਗੇ। ਮੱਛੀ ਪਾਲਣ ਵਾਲੇ ਵਿਅਕਤੀਆਂ ਨੂੰ ਬੈਂਕ ਪਾਸੋਂ ਆਸਾਨ ਕਿਸ਼ਤਾਂ ‘ਤੇ ਕਰਜਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਵਿਭਾਗ ਵੱਲੋ ਮੱਛੀ ਪਾਲਣ ਲਈ ਸਬਸਿਡੀ ਵੀ ਦਿੱਤੀ ਜਾਵੇਗੀ।




