ਪ੍ਰਦੂਸ਼ਣ ਘਟਾਉਣ ਦੇ ਮਨੋਰਥ ਵਜੋਂ ਸਰਕਾਰ ਬਦਲਵੇਂ ਪ੍ਰਬੰਧਾਂ ਤੇ ਠੋਸ ਉਪਰਾਲਿਆਂ ਲਈ ਯਤਨਸ਼ੀਲ-ਸਪੀਕਰ ਕੁਲਤਾਰ ਸਿੰਘ ਸੰਧਵਾਂ
ਪਿੰਡ ਮਾਣੂਕੇ ਗਿੱਲ ਵਿਖੇ 25 ਏਕੜ ਵਿੱਚ ਬਣਾਏ ਗਰੀਨ ਪਲਾਂਟ ਐਨਰਜੀ ਲਿਮਿਟਡ ਦਾ ਕੀਤਾ ਦੌਰਾ

ਮਾਣੂਕੇ ਗਿੱਲ (ਮੋਗਾ)2 ਦਸੰਬਰ-
ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਪਰਾਲੀ ਦੇ ਸਥਾਈ ਹੱਲ ਲਈ ਕਿਸਾਨਾਂ ਅਤੇ ਕੰਪਨੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਰਾਲੀ ਤੋਂ ਬਿਜਲੀ ਬਣਾਉਣ ਅਤੇ ਹੋਰ ਕਈ ਬਦਲਵੇਂ ਹੱਲਾਂ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ। ਅੱਜ ਦੇ ਸਮੇਂ ਵਿੱਚ ਕਿਸਾਨ ਜਿੱਥੇ ਪਰਾਲੀ ਨੂੰ ਸਾੜੇ ਤੋਂ ਬਿਨਾਂ ਖੇਤੀ ਕਰਕੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ ਉਥੇ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਇਸ ਖੇਤਰ ਵਿੱਚ ਅੱਗੇ ਵਧਣ ਲਈ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਭਾਰੀ ਸਬਸਿਡੀ ਉੱਪਰ ਮੁੱਹਈਆ ਕਰਵਾ ਰਹੀ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਮਾਣੂਕੇ ਗਿੱਲ ਵਿਖੇ 25 ਏਕੜ ਵਿੱਚ ਬਣਾਏ ਗਰੀਨ ਪਲਾਂਟ ਐਨਰਜੀ ਲਿਮਿਟਡ ਦਾ ਦੌਰਾ ਕਰਨ ਮੌਕੇ ਕੀਤਾ। ਉਹਨਾਂ ਪਲਾਂਟ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਜ਼ੀਰੋ ਸਟੱਬਲ ਬਰਨਿੰਗ ਸੂਬਾ ਬਣਾਉਣ ਲਈ ਇਸ ਤਰ੍ਹਾਂ ਦੇ ਪਲਾਂਟ ਸਹਾਈ ਸਿੱਧ ਹੋ ਰਹੇ ਹਨ। ਉਹਨਾਂ ਪਲਾਂਟ ਦੇ ਅਧਿਕਾਰੀਆਂ ਦੀਆਂ ਇਸ ਮੌਕੇ ਸਮੱਸਿਆਵਾਂ ਨੂੰ ਸੁਣਿਆ ਅਤੇ ਹਰ ਇੱਕ ਜਾਇਜ਼ ਮੰਗ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਨਿਪਟਾਉਣ ਦਾ ਵਿਸ਼ਵਾਸ਼ ਦਿਵਾਇਆ। ਉਹਨਾਂ ਦੱਸਿਆ ਕਿ ਪਰਾਲੀ ਦੀਆਂ ਅੱਗਾਂ ਦੇ ਮਾਮਲਿਆਂ ਨੂੰ ਘਟਾਉਣ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਜਿਸਦੇ ਨਤੀਜੇ ਸਦਕਾ ਇਸ ਸਾਲ ਅੱਗਾਂ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਮੌਕੇ ਪਲਾਂਟ ਮੈਨੇਜਰ ਖੁਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਸਾਲ ਪਹਿਲਾਂ ਬਣੇ ਇਸ ਪਲਾਂਟ ਨੂੰ ਇਸ ਸਾਲ ਅਪ੍ਰੈਲ ਵਿੱਚ ਸੁਰੂ ਕੀਤਾ ਗਿਆ ਹੈ ਅਤੇ ਇਹ ਨੇੜਲੇ ਗਰਿਡਾਂ ਨੂੰ ਬਿਜਲੀ ਸਪਲਾਈ ਦੇ ਰਿਹਾ ਹੈ। ਇਸ ਮੌਕੇ ਪਲਾਂਟ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।





