ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ

ਮੋਗਾ, 24 ਨਵੰਬਰ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੋਣ ਅਮਲੇ ਵੱਲੋਂ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਸੈਮੀਨਾਰ ਲਗਾਤਾਰ ਆਯੋਜਿਤ ਕੀਤੇ ਜਾ ਰਹੇ ਹਨ।
ਇਸਦੀ ਲਗਾਤਾਰਤਾ ਵਿੱਚ ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਦੀ ਅਗਵਾਈ ਅਤੇ ਪ੍ਰਿੰਸੀਪਲ ਡਾ. ਕਾਜਲਾ ਦੀ ਦੇਖ-ਰੇਖ ਹੇਠ ਸਰਕਾਰੀ ਮਾਡਲ ਡਿਗਰੀ ਕਾਲਜ ਫਤਹਿਗੜ੍ਹ ਕੋਰੋਟਾਣਾ ਵਿਖੇ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦੇ ਸ਼ੁਰੂ ਵਿਚ ਪ੍ਰੋ. ਰਵਿੰਦਰ ਰਵੀ ਨੇ ਕਾਲਜ ਵਿਚ ਸੈਮੀਨਾਰ ਆਯੋਜਿਤ ਕਰਨ ਦੇ ਉਦੇਸ਼ ਬਾਰੇ ਦੱਸਿਆ ਅਤੇ ਹਾਜ਼ਰ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ। ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ. ਬਲਵਿੰਦਰ ਸਿੰਘ ਨੇ ਜ਼ਿਲ੍ਹੇ ਵਿਚ ਚੱਲ ਰਹੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਵਿਦਿਆਰਥੀਆਂ ਨੂੰ ਆਪਣੀ ਨਵੀਂ ਵੋਟ ਬਣਾਉਣ ਲਈ ਪ੍ਰੇਰਿਆ ਅਤੇ ਦੱਸਿਆ ਕਿ ਆਫਲਾਈਨ ਢੰਗ ਨਾਲ ਵੋਟ ਬਣਵਾਉਣ ਲਈ ਫਾਰਮ ਆਪਣੇ ਏਰੀਏ ਦੇ ਬੂਥ ਲੈਵਲ ਅਫ਼ਸਰ (ਬੀਐੱਲਓ) ਨੂੰ ਜਾਂ ਸਬੰਧਤ ਐਸ.ਡੀ.ਐਮ ਦੇ ਦਫ਼ਤਰ ਜਮ੍ਹਾਂ ਕਰਵਾਏ ਜਾ ਸਕਦੇ ਹਨ।ਆਨ-ਲਾਈਨ ਢੰਗ ਨਾਲ ਵੋਟ ਬਣਵਾਉਣ ਲਈ ਵੈਬਸਾਈਟ ਜਾਂ ਵੋਟਰ ਹੈਲਪਲਾਈਨ ਐਪ ਦੀ ਵਰਤੋਂ ਨਾਲ ਵੋਟਰ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।ਭਾਰਤੀ ਚੋਣ ਕਮਿਸ਼ਨ ਦੇ ਟੋਲ ਫ੍ਰੀ ਨੰਬਰ 1950 ਬਾਰੇ ਵੀ ਦੱਸਿਆ ਗਿਆ।
ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਵੋਟ ਦੀ ਮਹੱਤਤਾ ਨਾਲ ਸਬੰਧਿਤ ਤਿਆਰ ਕੀਤੇ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। 2 ਅਤੇ 3 ਦਸੰਬਰ 2023 ਨੂੰ ਪੋਲਿੰਗ ਬੂਥਾਂ ‘ਤੇ ਲੱਗ ਰਹੇ ਵਿਸ਼ੇਸ਼ ਕੈਂਪਾਂ ਬਾਰੇ ਵੀ ਜਾਗਰੂਕਤਾ ਫੈਲਾਈ ਗਈ।ਵਿਦਿਆਰਥੀਆਂ ਨੂੰ ਭਾਰਤੀ ਚੋਣ ਕਮਿਸ਼ਨ, ਈਵੀਐੱਮ, ਵੀਵੀਪੈਟ, ਵੱਖ ਵੱਖ ਤਰ੍ਹਾਂ ਦੇ ਫਾਰਮਾਂ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਰਸ਼ਮੀ ਕੰਬੋਜ਼,ਕਾਲਜ ਸਟਾਫ ਪ੍ਰੋ. ਰਵਿੰਦਰ ਸਿੰਘ, ਪ੍ਰੋ. ਰਸ਼ਮੀ ਕੰਬੋਜ਼, ਪ੍ਰੋ. ਕੁਲਵੀਰ ਸਿੰਘ, ਹਰਦੀਪ ਸਿੰਘ, ਗਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।





