‘ਦਾਰਾ ਸਿੰਘ ਛਿੰਜ ਓਲੰਪਿਕਸ’ ਤਹਿਤ ਰਾਜ ਪੱਧਰੀ ਛਿੰਜ ਮੁਕਾਬਲੇ ਲਈ ਜ਼ਿਲ੍ਹਾ ਪੱਧਰੀ ਟਰਾਇਲ 28 ਨਵੰਬਰ ਨੂੰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੜਕੋਟ ਰਣਸੀਂਹ ਵਿਖੇ ਕਰਵਾਏ ਜਾਣਗੇ ਮੋਗਾ ਦੇ ਟਰਾਇਲ

ਮੋਗਾ, 24 ਨਵੰਬਰ:
ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ਼ ਸਭਿਆਚਾਰਕ ਮਾਮਲੇ ਪੁਰਾਤੱਤਵ ਤੇ ਅਜਾਇਬਘਰ ਵਿਭਾਗ ਵੱਲੋਂ ‘ਦਾਰਾ ਸਿੰਘ ਛਿੰਜ ਓਲੰਪਿਕਸ’ ਮਨਾਉਣ ਸਬੰਧੀ ਮਿਤੀ 1 ਦਸੰਬਰ ਤੋਂ 3 ਦਸੰਬਰ, 2023 ਤੱਕ ਜ਼ਿਲ੍ਹਾ ਤਰਨਤਾਰਨ ਵਿਖੇ ਛਿੰਜ ਰਾਜ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਮੋਗਾ ਵਿਖੇ ਖੇਡ ਵਿਭਾਗ ਮੋਗਾ ਵੱਲੋਂ ਉਕਤ ਮੁਕਾਬਲੇ ਸਬੰਧੀ ਟਰਾਇਲ ਮਿਤੀ 28 ਨਵੰਬਰ 2023 ਨੂੰ ਸਵੇਰੇ 9:30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੜਕੋਟ ਰਣਸੀਂਹ ਵਿਖੇ ਲਏ ਜਾਣਗੇ। ਉਕਤ ਰਾਜ ਪੱਧਰੀ ਮੁਕਾਬਲੇ ਵਿੱਚ ਪੰਜਾਬ ਦੇ ਵਸਨੀਕ ਵੱਖ-ਵੱਖ ਭਾਰ ਵਰਗ ਦੇ ਪਹਿਲਵਾਨ ਖਿਡਾਰੀ ਜਿਹਨਾਂ ਦੀ ਉਮਰ 18 ਸਾਲ ਅਤੇ ਜਨਮ ਮਿਤੀ 24 ਨਵੰਬਰ, 2005 ਤੋਂ ਬਾਅਦ ਨਹੀਂ ਹੋਣੀ ਚਾਹੀਦੀ, ਭਾਗ ਲੈਣ ਦੇ ਯੋਗ ਹੋਣਗੇ।
ਜ਼ਿਲ੍ਹਾ ਖੇਡ ਅਫ਼ਸਰ, ਮੋਗਾ ਸ੍ਰੀਮਤੀ ਨਵਦੀਪ ਜਿੰਦਲ ਨੇ ਦੱਸਿਆ ਕਿ ਲੜਕੇ 80 ਕਿੱਲੋ ਭਾਰ ਵਰਗ ਅਤੇ ਲੜਕੀਆਂ 60 ਕਿੱਲੋ ਭਾਰ ਵਰਗ ਤੋਂ ਜਿਆਦਾ ਦੇ ਕੁਆਰਟਰ ਫਾਈਨਲ ਤੱਕ ਮੁਕਾਬਲੇ ਕਰਵਾਏ ਜਾਣਗੇ। 80 ਕਿੱਲੋ (ਲੜਕੇ) ਤੇ ਇਸ ਤੋਂ ਵੱਧ ਭਾਰ ਵਰਗ ਰੁਸਤਮੇ ਪੰਜਾਬ ਦੇ ਟਾਈਟਲ ਲਈ 2 ਰਾਉਂਡ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਲਈ ਭਾਰ ਤਲਾਉਣ ਦਾ ਸਮਾਂ ਸਵੇਰੇ 8 ਵਜੇ ਤੋਂ 10 ਵਜੇ ਤੱਕ ਅਤੇ ਕੁਸ਼ਤੀਆਂ ਦਾ ਸਮਾਂ ਸਵੇਰੇ 11.30 ਵਜੇ ਦਾ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ 80 ਕਿੱਲੋ ਭਾਰਗ ਵਰਗ ਤੋਂ ਜਿਆਦਾ ਰੁਸਤਮੇ ਪੰਜਾਬ ਟਾਈਟਲ ਲਈ ਪਹਿਲਾ ਇਨਾਮ 5 ਲੱਖ ਰੁਪਏ, ਦੂਸਰਾ ਇਨਾਮ 2 ਲੱਖ ਰੁਪਏ ਅਤੇ ਤੀਸਰੇ ਸਥਾਨ ਲਈ 1 ਲੱਖ ਰੁਪਏ ਨਿਸ਼ਚਿਤ ਕੀਤੇ ਗਏ ਹਨ। ਬਾਕੀ ਭਾਰ ਵਰਗ ਜਿਹਨਾਂ ਵਿੱਚ 70 ਕਿੱਲੋ ਲੜਕੇ, 80 ਕਿੱਲੋ ਲੜਕੇ, 60 ਕਿੱਲੋ ਲੜਕੀਆਂ ਅਤੇ 60 ਕਿੱਲੋ ਤੋਂ ਜਿਆਦਾ ਭਾਰ ਵਰਗ ਲਈ ਪਹਿਲਾ ਇਨਾਮ 51 ਹਜ਼ਾਰ, ਦੂਸਰਾ ਇਨਾਮ 31 ਹਜ਼ਾਰ ਅਤੇ ਤੀਸਰਾ ਇਨਾਮ 21 ਹਜ਼ਾਰ ਰੁਪਏ ਨਿਸ਼ਚਿਤ ਕੀਤੇ ਗਏ ਹਨ। ਜੇਕਰ ਸਰਕਾਰ ਵੱਲੋਂ ਕਿਸੇ ਵੀ ਸੂਰਤ ਵਿੱਚ ਇਨਾਮੀ ਰਾਸ਼ੀ ਵਿੱਚ ਘਾਟਾ ਜਾਂ ਵਾਧਾ ਕੀਤਾ ਜਾਂਦਾ ਹੈ ਤਾਂ ਉਸ ਅਨੁਸਾਰ ਇਨਾਮੀ ਰਾਸ਼ੀ ਜਾਰੀ ਕੀਤੀ ਜਾਵੇਗੀ।




