ਡੇਂਗੂ ਫੈਲਣ ਤੋਂ ਰੋਕਣਾ ਸਾਡੀ ਸਭਨਾਂ ਦੀ ਸਾਂਝੀ ਜਿੰਮੇਵਾਰੀ-ਸਿਵਲ ਸਰਜਨ
ਸਿਹਤ ਵਿਭਾਗ ਵੱਲੋਂ ਡੇਂਗੂ ਤੇ ਚਿਕਨਗੁਨੀਆ ਪ੍ਰਤੀ ਜਾਗਰੂਕਤਾ ਰੈਲੀ ਦਾ ਆਯੋਜਨ

ਮੋਗਾ, 24 ਨਵੰਬਰ :
ਡੇਗੂ ਅਤੇ ਚਿਕਨਗੁਨੀਆ ਨੂੰ ਫੈਲਣ ਤੋਂ ਰੋਕਣਾ ਸਾਡੀ ਸਭਨਾਂ ਦੀ ਸਾਂਝੀ ਜਿੰਮੇਵਾਰੀ ਹੈ ਅਤੇ ਇਸਦੇ ਖਾਤਮੇ ਲਈ ਹਰ ਨਾਗਰਿਕ ਦੇ ਜਾਗਰੂਕ ਹੋਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਡੇਂਗੂ, ਚਿਕਨਗੁਨੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੇ ਭਿਆਨਕ ਰੋਗ ਤੋਂ ਰੋਕਥਾਮ ਲਈ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆ ਦੇ ਸਹਯੋਗ ਨਾਲ ਰੈਲੀ ਕੱਢ ਕੇ ਜਾਗਰੂਕ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਨੂੰ ਡੇਂਗੂ ਅਤੇ ਚਿਕਨਗੁਨੀਆਂ ਨੂੰ ਫੈਲਣ ਤੋਂ ਰੋਕਣ ਲਈ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਅਤੇ ਹਰ ਸ਼ੁੱਕਰਵਾਰ ਡ੍ਰਾਈ ਡੇ ਨੂੰ ਜੰਗੀ ਪੱਧਰ ‘ਤੇ ਚਲਾਉਣ ਦੀ ਮੁਹਿੰਮ ਵੀ ਚੱਲ ਰਹੀ ਹੈ। ਉਨਾਂ ਕਿਹਾ ਕਿ ਅੱਜ ਦੀ ਰੈਲੀ ਰਾਹੀਂ ਲੋਕਾ ਨੂੰ ਸੁਨੇਹਾ ਦਿੱਤਾ ਗਿਆ ਕਿ ਡੇਂਗੂ ਅਤੇ ਚਿਕਨਗੁਨੀਆਂ ਨੂੰ ਫੈਲਣ ਤੋਂ ਰੋਕਣ ਲਈ ਸਭਨਾਂ ਦੇ ਸਾਂਝੇ ਸਹਿਯੋਗ ਦੀ ਜਰੂਰਤ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਿਸੇ ਨਿੱਜੀ ਵਿਅਕਤੀ, ਸੰਸਥਾ ਜਾਂ ਸਰਕਾਰੀ ਅਦਾਰੇ ਅੰਦਰ ਡੇਂਗੂ ਦਾ ਲਾਰਵਾ ਪਾਏ ਜਾਣ ਤੇ ਉਸਨੂੰ ਤੁਰੰਤ ਨਸ਼ਟ ਕਰਵਾਇਆ ਜਾਵੇ। ਟਾਇਰਾਂ, ਫਰਿੱਜਾਂ, ਕੂਲਰਾਂ, ਪੰਛੀਆਂ ਵਾਸਤੇ ਰੱਖੇ ਗਏ ਪਾਣੀ ਵਾਲੇ ਬਰਤਨਾਂ ਦੀ ਚੈਕਿੰਗ ਯਕੀਨੀ ਬਣਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਜਾਣੂ ਕਰਵਾਇਆ ਕਿ ਡੇਂਗੂ ਅਤੇ ਚਿਕਰਗੁਨੀਆਂ ਬਾਰੇ ਜਾਗਰੂਕਤ ਪੋਸਟਰ ਵੀ ਸਿਹਤ ਵਿਭਾਗ ਵੱਲੋਂ ਢੁਕਵੀਆਂ ਥਾਵਾਂ ਤੇ ਲਗਾਏ ਗਏ ਹਨ।
ਇਸ ਮੌਕੇ ਸਿਵਲ ਸਰਜਨ ਨੇ ਫ੍ਰਾਈਡੇ ਡਰਾਈ ਡੇ ਨਾਲ ਸੰਬਧਤ ਫੋਕਲ ਪੁਆਇੰਟ ਵਿੱਚ ਜ ਕੇ ਖੁੱਦ ਮੱਛਰ ਦਾ ਲਾਰਵਾ ਚੈਕ ਕੀਤਾ। ਉਨ੍ਹਾਂ ਦੱਸਿਆ ਕਿ ਡੇਂਗੂ ਪੈਦਾ ਕਰਨ ਵਾਲਾ ਲਾਰਵਾ ਬਹੁਤ ਹੀ ਖਤਰਨਾਕ ਹੁੰਦਾ ਹੈ।ਇਹ ਏਡੀਜ਼ ਮੱਛਰ ਸਾਫ਼ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਮਨੁੱਖ ਨੂੰ ਦਿਨ ਵੇਲੇ ਕੱਟਦਾ ਹੈ। ਉਨਾਂ ਡੇਂਗੂ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਆਦਾਤਰ ਪਾਣੀ ਨੂੰ ਖੜਾ ਨਾ ਹੋਣ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਸਰੀਰ ਨੂੰ ਪੂਰੇ ਕੱਪੜੇ ਪਾ ਕੇ ਢੱਕ ਕੇ ਰੱਖਿਆ ਜਾਵੇ। ਸਿਹਤ ਵਿਭਾਗ ਵੱਲੋ ਘਰਾਂ ‘ਚ ਚੈਕਿੰਗ ਕਰਕੇ ਡੇਗੂ ਦਾ ਲਾਰਵਾ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਜਾਗਰੂਕਤਾ ਰੈਲੀਆਂ ਰਾਹੀ ਲੋਕਾਂ ਨੂੰ ਡੇਗੂ ਅਤੇ ਚਿਕਨਗੁਨੀਆਂ ਆਦਿ ਬਿਮਾਰੀਆਂ ਤੋ ਬਚਣ ਲਈ ਸਾਵਧਾਨ ਵੀ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਡੇਂਗੂ ਅਤੇ ਚਿਕਨਗੁਨੀਆਂ ਦੇ ਮੁੱਖ ਲੱਛਣ ਹਨ। ਡੇਂਗੂ ਅਤੇ ਚਿਕਨਗੁਨੀਆਂ ਦਾ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ”ਡੇਂਗੂ ਫਰੀ ਪੰਜਾਬ” ਐਪ ਡਾਊਨਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਇਸਦੇ ਬਚਾਓ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੌਣ ਵੇਲੇ ਮੱਛਰਦਾਰੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ, ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਬੁਖਾਰ ਹੋਣ ਤੇ ਸਿਰਫ਼ ਪੈਰਾਸੀਟਾਮੋਲ ਹੀ ਲਵੋ।
ਇਸ ਮੌਕੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਐਸ.ਐਮ.ਓ. ਡਾ. ਸੁਖਪ੍ਰੀਤ ਬਰਾੜ, ਡਾ. ਸੁੰਮੀ ਗੁਪਤਾ, ਡਾ. ਨਰੇਸ਼ ਆਮਲਾ, ਮੈਟਰਨ ਇੰਚਾਰਜ ਮਨਜੀਤ ਕੌਰ, ਨਰਸਿੰਗ ਟੀਚਰ ਕਮਲਪ੍ਰੀਤ, ਕਿਰਨ ਸੱਲਣ, ਪਰਵੀਨ ਸ਼ਰਮਾ ਅਤੇ ਸੁਮੀਤ ਬਜਾਜ ਅਤੇ ਮਾਸ ਮੀਡੀਆ ਅਫ਼ਸਰ ਕੁਲਬੀਰ ਕੌਰ, ਮਜਵੰਤ ਕੌਰ ਵੀ ਹਾਜ਼ਰ ਸਨ।





