ਕਲੱਸਟਰ/ਨੋਡਲ ਅਫ਼ਸਰਾਂ ਦੇ ਫੀਲਡ ਦੌਰਿਆਂ ਦੀਆਂ ਅਚਨਚੇਤ ਚੈਕਿੰਗਾਂ ਦੀ ਤਿਆਰੀ
ਅੱਗ ਲੱਗਣ ਦੇ ਮਾਮਲਿਆਂ ਤਹਿਤ ਕਾਰਵਾਈ ਵਿੱਚ ਦੇਰੀ ਨਹੀਂ ਹੋਵੇਗੀ ਬਰਦਾਸ਼ਤ-ਡਿਪਟੀ ਕਮਿਸ਼ਨਰ

ਮੋਗਾ, 23 ਅਕਤੂਬਰ:
ਪੰਜਾਬ ਸਰਕਾਰ ਅੱਗ ਲੱਗਣ ਦੇ ਆ ਰਹੇ ਮਾਮਲਿਆਂ ਪ੍ਰਤੀ ਬਹੁਤ ਗੰਭੀਰ ਹੈ। ਜ਼ਿਲ੍ਹਾ ਮੋਗਾ ਵਿਖੇ ਜੇਕਰ ਕੋਈ ਅੱਗ ਲੱਗਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਤਾਂ ਸਬੰਧਤ ਕਲੱਸਟਰ ਅਫ਼ਸਰ ਜਾਂ ਨੋਡਲ ਅਫ਼ਸਰਾਂ ਦੀਆਂ ਟੀਮਾਂ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ, ਕਾਰਵਾਈ ਵਿੱਚ ਢਿੱਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਅੱਜ ਪਰਾਲੀ ਨੂੰ ਅੱਗ ਲੱਗਣ ਦੇ ਆ ਰਹੇ ਮਾਮਲਿਆਂ ਸਬੰਧੀ ਬੁਲਾਈ ਵਿਭਾਗਾਂ ਦੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਹਰਕੰਵਲਜੀਤ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ. ਅਮਨਦੀਪ ਸਿੰਘ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਵੀ ਵਿਭਾਗ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਕਲੱਸਟਰ ਅਫ਼ਸਰਾਂ ਦੀ ਫੀਲਡ ਵਿੱਚ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਸਮੂਹ ਐਸ.ਡੀ.ਐਮ.ਜ਼ ਉਨ੍ਹਾਂ ਤੋਂ ਜੀ.ਓ. ਟੈਗਿੰਗ ਲੋਕਸ਼ਨਾਂ ਨੂੰ ਰੋਜ਼ਾਨਾ ਪ੍ਰਾਪਤ ਕਰਨਾ ਯਕੀਨੀ ਬਣਾਉਣ। ਜੇਕਰ ਕਿਸੇ ਵੀ ਨੋਡਲ ਅਫ਼ਸਰ/ਕਲੱਸਟਰ ਅਫ਼ਸਰ ਜਾਂ ਟੀਮ ਦੇ ਮੈਂਬਰ ਦੀ ਸਬੰਧਤ ਖੇਤਰ ਵਿੱਚ ਗੈਰਹਾਜ਼ਰੀ ਪਾਈ ਜਾਂਦੀ ਹੈ ਤਾਂ ਤੁਰੰਤ ਪ੍ਰਭਾਵ ਨਾਲ ਵਿਭਾਗੀ ਕਾਰਵਾਈ ਕੀਤੀ ਜਾਵੇ।ਲਗਾਤਾਰ ਫੀਲਡ ਚੈਕਿੰਗਾਂ ਕਰਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲੱਗਾਉਣ ਤੋਂ ਵਰਜਿਆ ਜਾਵੇ। ਮੀਟਿੰਗ ਵਿੱਚ ਉਨ੍ਹਾਂ ਵੱਲੋਂ ਖੁਦ ਕਲੱਸਟਰ ਅਫ਼ਸਰਾਂ ਦੇ ਫੀਲਡ ਦੌਰਿਆਂ ਦੀਆਂ ਅਚਨਚੇਤ ਚੈਕਿੰਗਾਂ ਕਰਨ ਬਾਰੇ ਵੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਮੁਲਾਜ਼ਮ ਵੱਲੋਂ ਵੀ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਉੱਪਰ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਅਜਿਹੇ ਮਾਮਲਿਆਂ ਵਿੱਚ ਕਿਸੇ ਨਾਲ ਵੀ ਨਰਮੀ ਵਾਲਾ ਵਤੀਰਾ ਨਹੀਂ ਅਪਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਇ ਇਸਨੂੰ ਖੇਤਾਂ ਵਿੱਚ ਹੀ ਵਾਹੁਣ ਨੂੰ ਤਰਜਹੀ ਦੇਣ ਤਾਂ ਕਿ ਪਲੀਤ ਹੋ ਰਹੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ।
ਜਿਕਰਯੋਗ ਹੈ ਕਿ ਫਸਲਾਂ ਦੀ ਰਹਿੰਦ ਖੂੰਹਦ/ਨਾੜ ਨੂੰ ਅੱਗ ਲਗਾਏ ਜਾਣ ਦੀ ਸੂਰਤ ਵਿੱਚ ਕਾਰਵਾਈ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੇ ਜ਼ਿਲ੍ਹੇ ਵਿੱਚ 334 ਨੋਡਲ ਅਫ਼ਸਰ ਨਿਯੁਕਤ ਕੀਤੇ ਹਨ, ਜਿੰਨਾਂ ਵਿੱਚੋਂ ਸਬ-ਡਿਵੀਜ਼ਨ ਨਿਹਾਲ ਸਿੰਘ ਵਾਲਾ ਵਿੱਚ 39, ਮੋਗਾ ਵਿੱਚ 88, ਬਾਘਾਪੁਰਾਣਾ ਵਿੱਚ 56 ਅਤੇ ਧਰਮਕੋਟ ਵਿੱਚ 151 ਨੋਡਲ ਅਫ਼ਸਰਾਂ ਨੂੰ ਲਗਾਇਆ ਗਿਆ ਹੈ। ਨੋਡਲ ਅਫ਼ਸਰਾਂ ਤੋਂ ਇਲਾਵਾ ਸਬ-ਡਿਵੀਜ਼ਨ ਵਾਈਜ਼ ਕਲੱਸਟਰ ਅਫ਼ਸਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ।





