ਸਰਕਾਰ ਵੱਲੋਂ ਜਾਰੀ ਕੀਤਾ ਗਿਆ ”ਡਿਜੀਟਲ ਰੇਡੀ ਰੇਕਨਰ” ਆਮ ਲੋਕਾਂ ਲਈ ਅਤਿ ਸਹਾਈ ਸਿੱਧ ਹੋਵੇਗਾ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ''ਡਿਜੀਟਲ ਰੇਡੀ ਰੇਕਨਰ'' ਦੇ ਕਿਊ ਆਰ ਕੋਡ ਨੂੰ ਸਮੂਹ ਵਿਭਾਗਾਂ ਦੀਆਂ ਸ਼ਾਖਾਵਾਂ ਵਿੱਚ ਤੁਰੰਤ ਲਗਾਉਣ ਦੇ ਆਦੇਸ਼ ਕੀਤੇ ਜਾਰੀ

ਮੋਗਾ, 11 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਉਦਯੋਗ ਅਤੇ ਵਣਜ ਵਿਭਾਗ ਜਰੀਏ ”ਡਿਜੀਟਲ ਰੇਡੀ ਰੇਕਨਰ” ਰੂਪੀ ਇੱਕ ਵਿਲੱਖਣ ਕਿਤਾਬਚਾ ਜਾਰੀ ਕੀਤਾ ਗਿਆ ਹੈ ਜਿਸਨੂੰ ਆਨਲਾਈਨ ਅਤੇ ਆਫ਼ਲਾਈਨ ਦੋਨੋਂ ਤਰੀਕਿਆਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।ਇਸ ”ਡਿਜੀਟਲ ਰੇਡੀ ਰੇਕਨਰ” ਵਿੱਚ ਪੰਜਾਬ ਸਰਕਾਰ/ਭਾਰਤ ਸਰਕਾਰ ਦੇ ਹਰੇਕ ਵਿਭਾਗ ਦੀਆਂ ਸਕੀਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਰਸਾਈ ਗਈ ਹੈ ਤਾਂ ਕਿ ਆਮ ਲੋਕ ਸਹੀ ਤਰੀਕੇ ਨਾਲ ਸਹੀ ਵਿਭਾਗ ਕੋਲ ਪਹੁੰਚ ਬਣਾ ਕੇ ਆਪਣਾ ਕੰਮ ਆਸਾਨੀ ਨਾਲ ਕਰਵਾ ਸਕਣ।
ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਫੰਕਸ਼ਨਲ ਮੈਨੇਜਰ ਸੁਖਰਾਜ ਸਿੰਘ ਦੀ ਮੌਜੂਦਗੀ ਵਿੱਚ ਇਸ ਕਿਤਾਬਚੇ ਦਾ ਕਿਊ ਆਰ ਕੋਡ ਅਤੇ ਕਿਤਾਬਚਾ ਮੋਗਾ ਦੇ ਸਮੂਹ ਵਿਭਾਗਾਂ ਤੱਕ ਪਹੁੰਚਾਉਣ ਲਈ ਜਾਰੀ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋ ਭਾਸ਼ਾਵਾਂ ਪੰਜਾਬੀ ਅਤੇ ਅੰਗਰੇਜੀ ਵਿੱਚ ਜਾਰੀ ਕੀਤਾ ਗਿਆ ਇਹ ”ਡਿਜੀਟਲ ਰੇਡੀ ਰੇਕਨਰ” ਆਮ ਲੋਕਾਂ ਲਈ ਅਤਿ ਸਹਾਈ ਸਿੱਧ ਹੋਵੇਗਾ ਕਿਉਂਕਿ ਇਸ ਵਿੱਚ ਹਰੇਕ ਸਰਕਾਰੀ ਵਿਭਾਗ ਦੀ ਲੋਕ ਭਲਾਈ ਸਕੀਮ ਨੂੰ ਬੜੇ ਹੀ ਵਿਸਥਾਰਿਤ ਤਰੀਕੇ ਨਾਲ ਦਰਸਾਇਆ ਗਿਆ ਹੈ। ਇਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਅਣਗਿਣਤ ਸਕੀਮਾਂ ਦਾ ਵੇਰਵਾ ਦੇਣ ਦਾ ਵਾਲਾ ਇੱਕ ਵਿਲੱਖਣ ਕਿਤਾਬਚਾ ਹੈ ਜੋ ਕਿ ਉਦਯੋਗਾਂ ਅਤੇ ਕਾਰੋਬਾਰ ਨੂੰ ਉੱਚਾ ਚੁੱਕਣ ਅਤੇ ਸਸ਼ਕਤ ਕਰਨ ਲਈ ਬਣਾਈਆਂ ਗਈਆਂ ਹਨ। ਇਸ ਵਿੱਚ ਸਰਕਾਰੀ ਸਕੀਮਾਂ ਦੀ ਵਿਭਾਗਾਂ ਅਨੁਸਾਰ ਵੰਡ ਕੀਤੀ ਗਈ ਹੈ। ਹਰੇਕ ਸਕੀਮ ਲਈ ਦਸਤਾਵੇਜ਼, ਸਕੀਮ ਦਾ ਵੇਰਵਾ, ਉਸ ਤਹਿਤ ਮਿਲਣ ਵਾਲੇ ਲਾਭ, ਸਕੀਮ ਤਹਿਤ ਅਰਜੀ ਕਿਵੇਂ ਦੇਣੀ ਹੈ, ਕਿੱਥੇ ਦੇਣੀ ਹੈ, ਕਿਸੇ ਹੋਰ ਜਾਣਕਾਰੀ ਲੈਣ ਲਈ ਕਿੱਥੇ ਸੰਪਰਕ ਕਰਨਾ ਹੈ ਆਦਿ ਮਹੱਤਵਪੂਰਨ ਪਹਿਲੂਆਂ ਬਾਰੇ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਲੱਖਣ ਗੱਲ ਇਹ ਵੀ ਹੈ ਕਿ ਇਸਨੂੰ ਕੋਈ ਵੀ ਵਿਅਕਤੀ ਆਪਣੇ ਫੋਨ ਉੱਪਰ ਕਿਊ ਆਰ ਕੋਡ ਸਕੈਨ ਕਰਕੇ ਆਸਾਨੀ ਨਾਲ ਡਾਊਨਲੋਡ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਅੱਜ ਜ਼ਿਲ੍ਹਾ ਮੋਗਾ ਦੇ ਸਮੂਹ ਵਿਭਾਗਾਂ ਦੀਆਂ ਸ਼ਾਖਾਵਾਂ ਵਿੱਚ ਇਸ ਕਿਊ ਆਰ ਕੋਡ ਨੂੰ ਲਗਾਉਣ ਲਈ ਆਦੇਸ਼ ਜਾਰੀ ਕੀਤੇ ਅਤੇ ਬਹੁਤੇ ਵਿਭਾਗਾਂ ਵੱਲੋਂ ਅੱਜ ਹੀ ਇਹ ਕਿਊ ਆਰ ਕੋਡ ਆਪਣੇ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਜਾਣਕਾਰੀ ਲਈ ਸਥਾਪਿਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਨਾਲ ਆਮ ਲੋਕਾਂ ਵਿੱਚ ਇਸ ਪ੍ਰਤੀ ਹੋਰ ਜਾਗਰੂਕਤਾ ਫੈਲੇਗੀ ਅਤੇ ਸਰਕਾਰੀ ਸਕੀਮਾਂ ਦਾ ਪਾਰਦਰਸ਼ਤਾ ਨਾਲ ਲਾਹਾ ਆਮ ਲੋਕਾਂ ਤੱਕ ਨਿਰੰਤਰ ਪੁੱਜਦਾ ਰਹੇਗਾ।




