ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕਮੁੰਦ ਬਾਂਬਾ ਵੱਲੋਂ ਕੀਤਾ ਖੇਡਾਂ ਦਾ ਉਦਘਾਟਨ
ਵਧੀਕ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਹੀ ਖੇਡਣ ਲਈ ਪ੍ਰੇਰਿਆ

ਮੋਗਾ, 26 ਸਤੰਬਰ:
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਬਲਾਕ ਪੱਧਰੀ ਖੇਡ ਮੁਕਾਬਲੇ ਸਫ਼ਲਤਾਪੂਰਵਕ ਨੇਪਰੇ ਚਾੜ੍ਹੇ ਜਾ ਚੁੱਕੇ ਹਨ ਅਤੇ ਹੁਣ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਸੀਜ਼ਨ-2 ਇੱਕ ਅਹਿਮ ਕਦਮ ਸਾਬਿਤ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਨੂੰ ਸ਼ੁਰੂ ਕਰਵਾਉਣ ਮੌਕੇ ਕੀਤਾ। ਵਿਧਾਇਕ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਇਨ੍ਹਾਂ ਖੇਡ ਮੁਕਾਬਲਿਆਂ ਨਾਲ ਖਿਡਾਰੀਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚਾਉਣਾ ਚਹੁੰਦੀ ਹੈ ਅਤੇ ਖਿਡਾਰੀਆਂ ਦੇ ਉਜਵੱਲ ਭਵਿੱਖ ਲਈ ਵੀ ਯਤਨਸ਼ੀਲ ਹੈ। ਇਨ੍ਹਾਂ ਖੇਡਾਂ ਵਿੱਚ ਸਰਕਾਰ ਵੱਲੋਂ ਖਿਡਾਰੀਆਂ ਦੀ ਹੌਂਸਲਾਅਫਜਾਈ ਲਈ ਨਕਦ ਇਨਾਮ ਵੀ ਰੱਖੇ ਗਏ ਹਨ। ਉਨ੍ਹਾਂ ਵੱਲੋਂ ਧਰਮਕੋਟ ਵਿਖੇ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕਮੁੰਦ ਬਾਂਬਾ ਵੱਲੋਂ ਗੋਧੇਵਾਲਾ ਇਨਡੋਰ ਸਟੇਡੀਅਮ ਵਿਖੇ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਿਲਆਂ ਦੀ ਸ਼ੁਰੂਆਤ ਕਰਵਾਈ।
ਡਾ. ਨਿਧੀ ਕਮੁੰਦ ਬਾਂਬਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਖਿਡਾਰੀ ਆਪਣੀ ਮਿਹਨਤ ਅਤੇ ਲਗਨ ਨਾਲ ਇਨ੍ਹਾਂ ਖੇਡਾਂ ਵਿੱਚ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨ। ਉਨ੍ਹਾਂ ਖਿਡਾਰੀਆਂ ਨੂੰ ਆਪਣਾ, ਆਪਣੇ ਮਾਤਾ ਪਿਤਾ, ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਖਿਡਾਰੀਆਂ ਵਿੱਚ ਉਤਸ਼ਾਹ ਭਰਿਆ। ਇਸ ਸਮਾਗਮ ਵਿਖੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋ ਗੱਤਕਾ ਸ਼ੋਅ ਮੈਚ ਕਰਵਾਇਆ ਗਿਆ।
ਪਹਿਲੇ ਦਿਨ ਅੱਜ ਖੇਡ ਵਾਲੀਬਾਲ ਸਮੈਸਿੰਗ ਵਿੱਚ ਅੰ.14 ਲੜਕਿਆਂ ਵਿੱਚ ਬਲਾਕ ਧਰਮਕੋਟ ਅਤੇ ਮੋਗਾ ਦੀਆਂ ਟੀਮਾਂ ਨੇ ਪਹਿਲੇ ਰਾਉਂਡ ਪਾਰ ਕਰ ਲਏ ਹਨ। ਵਾਲੀਬਾਲ ਸ਼ੂਟਿੰਗ ਵਿੱਚ ਮੋਗਾ-1 ਅਤੇ ਬਾਘਾਪੁਰਾਣਾ ਦੀਆਂ ਟੀਮਾਂ ਵਿਚਕਾਰ ਬਾਘਾਪੁਰਾਣਾ ਦੀ ਟੀਮ ਜੇਤੂ ਰਹੀ।
ਇਸ ਤੋਂ ਇਲਾਵਾ ਬਲੂਮਿੰਗਬਰਡ ਸਕੂਲ ਮੋਗਾ ਵਿਖੇ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਜਿਸ ਵਿੱਚ ਜਿਲ੍ਹਾ ਮੋਗਾ ਦੇ ਖਿਡਾਰੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਵਿੱਚ ਖੇਡ ਹੈਂਡਬਾਲ ਅੰ. 14 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ, ਰਾਮੂੰਵਾਲਾ ਪਹਿਲੇ ਸਥਾਨ ਤੇ ਰਹੀ ਅਤੇ ਸਰਕਾਰੀ ਸਕੂਲ ਬੁੱਘੀਪੁਰਾ ਨੇ ਦੂਜਾ ਸਥਾਨ ਹਾਸਿਲ ਕੀਤਾ। ਬਲਬੀਰ ਓਲਪਿੰਕ ਖੇਡ ਸਟੇਡੀਅਮ ਟਾਊਨ ਹਾਲ ਵਿਖੇ ਵੀ ਖੇਡ ਬੈਡਮਿੰਟਨ ਵਿੱਚ ਖਿਡਾਰੀਆਂ ਦੀ ਰੁਝਾਨ ਦੇਖਣ ਨੂੰ ਮਿਲਿਆ।





