ਔਸ਼ਧੀ ਸਟੋਰ ਦੀਆਂ ਦਵਾਈਆਂ ਵਰਤਣ ਨੂੰ ਬਡਾਵਾ ਦੇਣ ਲਈ ਡਿਪਟੀ ਕਮਿਸ਼ਨਰ ਵੱਲੋਂ ਆਈ.ਐਮ.ਏ. ਨੂੰ ਅਪੀਲ
ਜਨ ਔਸ਼ਧੀ ਸਟੋਰ ਦੀਆਂ ਸਾਰੀਆਂ ਦਵਾਈਆਂ ਉੱਚ ਗੁਣਵੱਤਾ ਅਤੇ ਪ੍ਰਮਾਣਿਕਤਾ ਵਾਲੀਆਂ ਹੋਣ ਦੇ ਨਾਲ-ਨਾਲ ਬਹੁਤ ਸਸਤੀਆਂ

ਮੋਗਾ 7 ਦਸੰਬਰ (Charanjit Singh ) ਜਨ ਔਸ਼ਧੀ ਸਟੋਰ, ਮੋਗਾ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਅਤੇ ਇਸ ਦਾ ਲਾਭ ਹਰ ਲੋੜਵੰਦ ਤੱਕ ਪੁੱਜਦਾ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੱੈਡ ਕਰਾਸ ਸੋਸਇਟੀ ਸ਼੍ਰੀ ਕੁਲਵੰਤ ਸਿੰਘ ਵੱਲੋਂ ਅੱਜ ਜਨ ਔਸ਼ਧੀ ਡਰੱਗ ਸਟੋਰ ਮੋਗਾ ਦੀ ਪਰਚੇਜ਼ ਕਮ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਬੁਲਾਈ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਕਮੇਟੀ ਦੇ ਮੈਂਬਰਾਂ ਨਾਲ ਜਨ ਔਸ਼ਧੀ ਸਟੋਰ ਮੋਗਾ ਦੀਆਂ ਦਵਾਈਆਂ ਦੀ ਸੇਲ ਵਧਾਉਣ ਅਤੇ ਇਸਦਾ ਲਾਭ ਪ੍ਰਭਾਵਸ਼ਾਲੀ ਤਰੀਕੇ ਨਾਲ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦੇ ਨੁਮਾਇੰਦਿਆਂ ਨੂੰ ਹਦਾਇਤ ਜਾਰੀ ਕੀਤੀ ਕਿ ਸਮੂਹ ਡਾਕਟਰ ਜਨ ਔਸ਼ਧੀ ਸਟੋਰ ਦੀਆਂ ਵੱਧ ਤੋਂ ਵੱਧ ਦਵਾਈਆਂ, ਮਰੀਜ਼ਾਂ ਨੂੰ ਲਿਖਣ ਨੂੰ ਯਕੀਨੀ ਬਣਾਉਣ ਤਾਂ ਕਿ ਲੋੜਵੰਦਾਂ ਦਾ ਪੈਸਾ ਬਚ ਸਕੇ। ਦਵਾਈਆਂ ਦੀ ਸੇਲ/ਪ੍ਰਚੇਜ, ਦਵਾਈਆਂ ਦਾ ਸਟਾਕ, ਅਕਾਊਂਟ ਮੇਨਟੇਨ, ਆਡਿਟ ਅਤੇ ਸਟੋਰ ਦੀ ਪ੍ਰਗਤੀ ਰਿਪੋਰਟ ਵੀ ਡਿਪਟੀ ਕਮਿਸ਼ਨਰ ਵੱਲੋਂ ਲਈ ਗਈ। ਉਨ੍ਹਾਂ ਹਦਾਇਤ ਜਾਰੀ ਕੀਤੀ ਕਿ ਔਸ਼ਧੀ ਸਟੋਰ ਦੇ ਫਾਰਮਾਸਿਸਟਾਂ ਪਾਸੋਂ ਰੋਜ਼ਾਨਾ ਦੀ ਸੇਲ ਰਕਮ ਨੂੰ ਬੈਂਕ ਵਿੱਚ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਜਰੀਏ ਡਿਪਟੀ ਕਮਿਸ਼ਨਰ ਵੱਲੋਂ ਆਈ.ਐਮ.ਏ. ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਜਨ ਔਸ਼ਧੀ ਸਟੋਰ ਦੀਆਂ ਦਵਾਈਆਂ ਦੀ ਵਰਤੋਂ ਵੱਧ ਤੋਂ ਵੱਧ ਕਰਨ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨ ਔਸ਼ਧੀ ਸਟੋਰ ਦੀਆਂ ਸਾਰੀਆਂ ਦਵਾਈਆਂ ਉੱਚ ਗੁਣਵੱਤਾ ਵਾਲੀਆਂ ਅਤੇ ਪ੍ਰਮਾਣਿਕਤਾ ਵਾਲੀਆਂ ਹੋਣ ਦੇ ਨਾਲ ਨਾਲ ਬਹੁਤ ਹੀ ਸਸਤੀਆਂ ਹਨ। ਇਸਦੇ ਨਾਲ ਲੋੜਵੰਦ ਮਰੀਜ਼ਾਂ ਦੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਸਿਹਤ ਲਈ ਵੀ ਇਹ ਦਵਾਈਆਂ ਬਿਲਕੁਲ ਸੁਰੱਖਿਅਤ ਹਨ, ਕੋਈ ਵੀ ਮਰੀਜ਼ ਇਨ੍ਹਾਂ ਦੀ ਵਰਤੋਂ ਬੇਝਿਜਕ ਕਰ ਸਕਦਾ ਹੈ।
ਇਸ ਮੀਟਿੰਗ ਵਿੱਚ ਮੁਕੰਮਲ ਤੌਰ ਤੇ ਦਵਾਈਆਂ ਸਟਾਕ ਵਿੱਚ ਰੱਖਣ ਲਈ ਕਿਹਾ ਗਿਆ। ਉਨਾਂ ਕਿਹਾ ਕਿ ਜੇਕਰ ਦਵਾਈਆਂ ਦਾ ਸਟਾਕ ਖਤਮ ਹੁੰਦਾ ਹੈ ਤਾਂ ਉਸੇ ਸਮੇਂ ਹੀ ਨਵਾਂ ਸਟਾਕ ਮੰਗਵਾਉਣ ਦਾ ਆਰਡਰ ਦੇ ਦਿੱਤਾ ਜਾਵੇ ਤਾਂ ਜੋ ਲੋੜਵੰਦਾਂ ਨੂੰ ਦਵਾਈਆਂ ਖਰੀਦਣ ਸਮੇਂ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਉਨਾਂ ਕਿਹਾ ਕਿ ਜਨ ਔਸ਼ਧੀ ਸਟੋਰ ਗਰੀਬ ਜਨਤਾ ਲਈ ਬਹੁਤ ਹੀ ਫਾਇਦੇਮੰਦ ਹਨ ਜਿੱਥੇ ਮਹਿੰਗੀ ਤੋਂ ਮਹਿੰਗੀ ਦਵਾਈ ਵੀ ਸਸਤੇ ਮੁੱਲ ਵਿੱਚ ਖਰੀਦੀ ਜਾ ਸਕਦੀ ਹੈ। ਜੋ ਦਵਾਈ ਆਮ ਮੈਡੀਕਲ ਸਟੋਰ ਵਿੱਚ ਬਹੁਤ ਹੀ ਮਹਿੰਗੇ ਮੁੱਲ ਤੇ ਮਿਲਦੀ ਹੈ ਉਹ ਜਨ ਔਸ਼ਧੀ ਸਟੋਰ ਤੋਂ ਸਸਤੇ ਮੁੱਲ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਮੌਕੇ ਮੀਟਿੰਗ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਡਾ. ਸੁਖਪ੍ਰੀਤ ਬਰਾੜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਕੁਮਾਰ, ਐਮ.ਡੀ. ਮਨੋਰੋਗ ਡਾ. ਚਰਨਪ੍ਰੀਤ ਸਿੰਘ, ਐਮ.ਡੀ. ਮੈਡੀਸਨ ਡਾ. ਰਾਜਬਿੰਦਰ ਸਿੰਘ, ਡਰੱਗ ਇੰਸਪੈਕਟਰ ਸ੍ਰੀਮਤੀ ਸੋਨੀਆ ਗੁਪਤਾ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਮੋਗਾ ਬਿਕਰਮਜੀਤ ਸਿੰਘ, ਮੈਂਬਰ ਸ੍ਰੀ ਦਵਿੰਦਰ ਸਿੰਘ, ਫਰਮਾਸਿਸਟ ਜਨ ਔਸ਼ਧੀ ਸਟੋਰ ਸੋਨੇ ਲਾਲ ਸ਼ਾਹ ਤੇ ਵਿੱਕੀ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।





