ਸਿਹਤ ਬਲਾਕ ਢੁੱਡੀਕੇ ਡੇਂਗੂ/ਚਿਕਨਗੁਨੀਆ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਯਤਨਸ਼ੀਲ
ਪਿੰਡ ਡਾਲਾ ਵਿਖੇ ਮੱਛਰਾਂ ਦੀ ਰੋਕਥਾਮ ਲਈ ਕੀਤੀ ਸਪਰੇਅ ਅਤੇ ਡੇਂਗੂ ਬਾਰੇ ਫੈਲਾਈ ਜਾਗਰੂਕਤਾ

ਢੁੱਡੀਕੇ (ਮੋਗਾ)3 ਅਗਸਤ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਡੀਕਲ ਅਫ਼ਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀ ਅਗਵਾਈ ਹੇਠ ਬੀਤੇ ਦਿਨ ਪਿੰਡ ਡਾਲਾ ਵਿਖੇ ਮੱਛਰਾਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਸਪਰੇਅ ਕੀਤੀ ਗਈ। ਇਸ ਟੀਮ ਵਿੱਚ ਹੈਲਥ ਸੁਪਰਵਾਈਜਰ ਕੁਲਬੀਰ ਸਿੰਘ, ਹੈਲਥ ਵਰਕਰ ਕੁਲਦੀਪ ਸਿੰਘ, ਤੀਰਥਪਾਲ ਸਿੰਘ ਅਤੇ ਬਰੀਡ ਚੈਕਰ ਸਨ ਸ਼ਾਮਿਲ ਸਨ।
ਇਸ ਮੌਕੇ ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਬਲਾਕ ਢੁੱਡੀਕੇ ਮੱਛਰਾਂ ਤੋਂ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਜਿਵੇਂ ਕਿ ਡੇਂਗੂ ਅਤੇ ਚਿਕਨਗੁਨੀਆ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੱਛਰਾਂ ਦੀ ਰੋਕਥਾਮ ਲਈ ਸਪਰੇਅ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਪਿੰਡ ਡਾਲਾ ਵਿਖੇ ਗਲੀਆਂ ਨਾਲੀਆਂ, ਝਾੜ ਬੂਟ ਅਤੇ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਤੇ ਸਪਰੇਅ ਕੀਤੀ ਗਈ ਹੈ।
ਉਹਨਾ ਕਿਹਾ ਕਿ ਇਸਦੇ ਨਾਲ ਹੀ ਆਮ ਲੋਕਾਂ ਵਿੱਚ ਮੱਛਰਾਂ ਅਤੇ ਗੰਦਗੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ ਤਾਂ ਕਿ ਉਹ ਆਪਣੇ ਘਰਾਂ ਵਿੱਚ ਜਾਂ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦੇਣ, ਜਿਸ ਨਾਲ ਡੇਂਗੂ ਮੱਛਰ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਅਕਸਰ ਘਰਾਂ ਵਿੱਚ ਗਮਲਿਆਂ, ਫਰਿੱਜ ਦੇ ਪਿਛੇ ਵਾਲੀਆਂ ਟਰੇਆਂ, ਕੂਲਰਾਂ, ਛੱਤ ਦੇ ਸੁੱਟੇ ਟਾਇਰਾਂ, ਕੁਜਿਆਂ ਜਾਂ ਹੋਰ ਸਮਾਨ ਵਿੱਚ ਵੀ ਮੀਂਹ ਦਾ ਪਾਣੀ ਭਰ ਜਾਂਦਾ ਹੈ ਜਿਸ ਵੱਲ ਅਸੀਂ ਆਮ ਤੌਰ ‘ਤੇ ਧਿਆਨ ਨਹੀਂ ਦਿੰਦੇ ਅਤੇ ਇਨ੍ਹਾਂ ਵਿੱਚ ਮੱਛਰ ਪੈਦਾ ਹੋ ਕੇ ਡੇਂਗੂ ਬਿਮਾਰੀ ਹੋਣ ਦਾ ਕਾਰਣ ਬਣਦਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਆਪਣੇ ਘਰਾਂ ਵਿਚਲੇ ਕੂਲਰ ਅਤੇ ਫਰਿੱਜ ਦੀਆਂ ਟਰੇਆਂ ਦੇ ਪਾਣੀ ਨੂੰ ਖਾਲੀ ਕਰ ਸੁਕਾ ਕੇ ਡਰਾਈ ਡੇ ਮਨਾਇਆ ਜਾਵੇ।





