ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਐਸ.ਐਸ.ਪੀ. ਅਤੇ ਜਿ਼ਲ੍ਹਾ ਅਟਾਰਨੀ ਮੋਗਾ ਨਾਲ ਮੀਟਿੰਗ
ਵੱਖ ਵੱਖ ਮੁਕੱਦਮਿਆਂ ਨੂੰ ਨਿਪਟਾਉਣ ਵਿੱਚ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਬਾਰੇ ਕੀਤਾ ਵਿਚਾਰ ਵਟਾਂਦਰਾ

ਮੋਗਾ, 11 ਜੂਨ: ( Charanjit Singh ) ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਸੀਨੀਅਰ ਕਪਤਾਨ ਪੁਲਿਸ ਸ੍ਰ. ਗੁਲਨੀਤ ਸਿੰਘ ਖੁਰਾਣਾ ਅਤੇ ਜਿ਼ਲ੍ਹਾ ਅਟਾਰਨੀ ਮੋਗਾ ਸ੍ਰੀ ਸੁਖਚੈਨ ਸਿੰਘ ਨਾਲ ਵੱਖ ਵੱਖ ਮੁਕੱਦਮਿਆਂ ਨੂੰ ਸਹੀ ਤਰੀਕੇ ਨਾਲ ਨਿਪਟਾਉਣ ਵਿੱਚ ਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਮਾਈਨਿੰਗ ਐਕਟ ਤਹਿਤ ਦਰਜ ਕੀਤੇ ਗਏ ਕੇਸਾਂ ਵਿਚ ਮਾਲ ਮੁਕੱਦਮਾ ਅਦਾਲਤ ਵਿਚ ਪੇਸ਼ ਨਾ ਹੋਣ ਸਬੰਧੀ, ਬ੍ਰਾਮਦਗੀ ਦੌਰਾਨ ਕੀਤੀ ਗਈ ਰੇਤੇ ਦੀ ਨਿਕਾਸੀ ਵਾਲੀ ਜਗ੍ਹਾ ਦੀ ਮਾਲਕੀਅਤ ਸਾਬਤ ਕਰਨ ਸਬੰਧੀ ਅਤੇ ਮਾਈਨਿੰਗ ਦੌਰਾਨ ਵਰਤੇ ਗਏ ਵਹੀਕਲਾਂ ਦੇ ਮਾਲਕਾਂ ਦਾ ਚਲਾਨ ਕਰਨ ਸਬੰਧੀ ਮੁੱਦਿਆਂ `ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬਹੁਤੇ ਕੇਸਾਂ ਵਿੱਚ ਦੋਸ਼ੀ ਮੌਕੇ `ਤੇ ਭੱਜ ਜਾਂਦੇ ਹਨ ਉਨ੍ਹਾਂ ਦਾ ਹੁਲੀਆ ਦਰਜ ਨਾ ਹੋਣ ਕਰਕੇ ਉਨ੍ਹਾਂ ਦੀ ਸ਼ਨਾਖਤ ਪਰੇਡ ਬਹੁਤ ਜਰੂਰੀ ਹੋ ਜਾਂਦੀ ਹੈ।
ਉਪਰੋਕਤ ਤੋਂ ਇਲਾਵਾ ਹਵਾਲਾਤਾਂ ਵਿੱਚ ਬੰਦ ਦੋਸ਼ੀਆਂ ਦੇ ਚਲਾਨ ਚੈਕਿੰਗ ਲਈ ਸਮੇਂ ਸਿਰ ਮਿਆਦ ਦੇ ਅੰਦਰ ਅੰਦਰ ਸਬੰਧਤ ਲਾਅ ਅਫ਼ਸਰ ਪਾਸ ਪੇਸ਼ ਕਰਨ ਸਬੰਧੀ, ਸਮਾਇਤ ਅਧੀਨ ਮੁਕੱਦਮਿਆਂ ਵਿਚ ਕੇਸ ਪ੍ਰਾਪਰਟੀ ਸਮੇਂ ਸਿਰ ਅਦਾਲਤ ਵਿਚ ਪੇਸ਼ ਕਰਨ ਸਬੰਧੀ, ਐਨ.ਪੀ.ਡੀ.ਐਸ.ਐਕਟ ਦੇ ਕੇਸਾਂ ਵਿਚ ਚਲਾਣ ਮਿਆਦ ਦੇ ਅੰਦਰ-ਅੰਦਰ ਪੇਸ਼ ਕਰਨ ਸਬੰਧੀ ਅਤੇ ਕੇਸਾਂ ਵਿਚ ਕੁੱਝ ਦੋਸ਼ੀਆਂ ਦੀਆਂ ਜਮਾਨਤਾਂ ਚਲਾਨ ਮਿਆਦ ਦੇ ਅੰਦਰ ਅਦਾਲਤ ਪੇਸ਼ ਨਾ ਕਰਨ ਕਾਰਨ ਮਾਨਯੋਗ ਅਦਾਲਤ ਵੱਲੋ ਦੋਸ਼ੀਆਂ ਦੀਆਂ ਜਮਾਨਤਾਂ ਮਨਜ਼ੂਰ ਕਰ ਲਈਆਂ ਜਾਂਦੀਆਂ ਹਨ ਆਦਿ ਦੇ ਮੁੱਦਿਆਂ `ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਮੌਜੂਦ ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਡਿਪਟੀ ਕਮਿਸ਼ਨਰ ਨੂੰ ਵਿਸਵਾਸ਼ ਦਿਵਾਇਆ ਕਿ ਗੈਰ ਕਾਨੂੰਨੀ ਢੰਗ ਨਾਲ ਹੋਈ ਮਾਈਨਿੰਗ ਸਬੰਧੀ ਮੌਕੇ `ਤੇ ਫੋਟੋਗ੍ਰਾਫੀ ਕੀਤੀ ਜਾਵੇਗੀ ਅਤੇ ਮਾਈਨਿੰਗ ਅਫ਼ਸਰ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ। ਜਿਸ ਜਗ੍ਹਾ ਤੋਂ ਗੈਰ-ਕਾਨੂੰਨੀ ਮਾਈਨਿੰਗ ਹੋਵੇ ਉਸ ਦੀ ਜਗ੍ਹਾ ਦੀ ਮਾਲਕੀ ਦਸਤਾਵੇਜ਼ ਸਬੂਤਾਂ ਨਾਲ ਕੀਤੀ ਜਾਵੇਗੀ। ਜਿਸ ਜਗ੍ਹਾ `ਤੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਗਈ ਹੈ ਉਸ ਜਗ੍ਹਾ ਦਾ ਨਕਸ਼ਾ ਵੀ ਤਿਆਰ ਕੀਤਾ ਜਾਵੇਗਾ। ਜੋ ਦੋਸ਼ੀ ਮੌਕੇ ਤੋਂ ਭੱਜ ਜਾਂਦੇ ਹਨ ਉਨ੍ਹਾਂ ਦੀ ਸ਼ਨਾਖਤ ਪਰੇਡ ਵੀ ਕਰਵਾਈ ਜਾਵੇਗੀ। ਚਲਾਨ ਮਿਥੇ ਸਮੇਂ ਦੇ ਅੰਦਰ ਪੇਸ਼ ਕੀਤਾ ਜਾਵੇਗਾ ਅਤੇ ਮਾਲ ਮੁਕੱਦਮਾ ਸਮੇਂ ਸਿਰ ਅਦਾਲਤ ਵਿਚ ਪੇਸ਼ ਕਰਕੇ ਗਵਾਹਾਂ ਦੀ ਗਵਾਹੀ ਕਰਵਾਈ ਜਾਵੇਗੀ।




