ਨੈਸਲੇ ਵੱਲੋਂ ਪਿੰਡ ਚੜਿੱਕ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਦੇ ਪੀਣ ਵਾਲੇ ਸਾਫ ਪਾਣੀ ਲਈ ਬਣਵਾਈ 109ਵੀਂ ਟੈਂਕੀ
ਡਿਪਟੀ ਕਮਿਸ਼ਨਰ ਵੱਲੋਂ ਹੋਰ ਵਪਾਰਕ ਅਦਾਰਿਆਂ ਅਤੇ ਕੰਪਨੀਆਂ ਨੂੰ ਵੀ ਸਮਾਜਿਕ ਖੇਤਰ ਵਿੱਚ ਕੰਮ ਕਰਨ ਦੀ ਕੀਤੀ ਅਪੀਲ

ਮੋਗਾ, 16 ਅਪ੍ਰੈਲ ( Charanjit Singh ) ਸਮਾਜਿਕ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਕੜੀ ਨੂੰ ਅੱਗੇ ਤੋਰਦਿਆਂ ਨੈਸਲੇ ਨੇ ਮੋਗਾ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੜਿੱਕ, ਮੋਗਾ ਸਕੂਲ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ ਨਾਲ ਜੋੜਿਆ ਹੈ। ਸਕੂਲ ਵਿੱਚ ਨੈਸਲੇ ਦੇ ਸਹਿਯੋਗ ਨਾਲ ਬਣਾਈ ਸ਼ੁੱਧ ਪੀਣ ਵਾਲੇ ਪਾਣੀ ਦੀ ਟੈਂਕੀ ਦਾ ਉਦਘਟਾਨ ਨੈਸਲੇ ਦੇ ਸੀ.ਐਮ.ਡੀ. ਸੁਰੇਸ਼ ਨਾਰਾਇਨਨ ਵੱਲੋਂ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਮੇਥੀਆਸ ਲੋਇਨਰ, ਫੈਕਟਰੀ ਹੈੱਡ ਰੋਹਿਤ ਮਿੱਤਲ, ਮੈਨੇਜਰ ਸ੍ਰੀ ਅਮਨ ਬਜਾਜ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਸਮਾਜ ਸੇਵਾ ਦੇ ਹਰ ਕੰਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਜੋ ਕਿ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਦੀ ਕੰਪਨੀ ਵੱਲੋਂ ਵਪਾਰਕ ਸਮਾਜਿਕ ਜਿੰਮੇਵਾਰੀ ਗਤੀਵਿਧੀ ਅਧੀਨ ਕੰਮ ਜਿਲਾ ਪ੍ਰਸ਼ਾਸ਼ਨ ਦੀ ਅਗਵਾਈ ਵਿੱਚ ਜਾਰੀ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਉਨਾਂ ਨੂੰ ਇਹ ਕਹਿੰਦੇ ਬੜੀ ਖੁਸੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਨੈਸਲੇ ਵੱਲੋਂ ਮੋਗਾ ਦੇ ਵੱਖ ਵੱਖ ਸਰਕਾਰੀ ਸਕੂਲਾਂ ਨੂੰ 109 ਪਾਣੀ ਵਾਲੀਆਂ ਟੈਂਕੀਆਂ ਬਣਵਾ ਕੇ ਦਿੱਤੀਆਂ ਹਨ।
ਇਸ ਮੌਕੇ ਸਕੂਲੀ ਅਧਿਆਪਕਾਂ, ਬੱਚਿਆਂ ਅਤੇ ਹੋਰ ਸਟਾਫ ਨੇ ਨੈਸਲੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਘਾਟ ਨੂੰ ਪੂਰਾ ਕਰਕੇ ਨੈਸਲੇ ਨੇ ਸ਼ਲਾਘਾਯੋਗ ਕੰਮ ਕੀਤਾ ਹੈ।
ਡਿਪਟੀ ਕਮਿਸਨਰ ਸ੍ਰ. ਕੁਲਵੰਤ ਸਿੰਘ ਨੇੇ ਨੈਸਲੇ ਵੱਲੋਂ ਸਮਾਜਿਕ ਖੇਤਰ ਵਿੱਚ ਪਾਏ ਜਾ ਰਹੇ ਇਸ ਯੋਗਦਾਨ ਦੀ ਸਲਾਘਾ ਕਰਦਿਆਂ ਹੋਰ ਵਪਾਰਕ ਅਦਾਰਿਆਂ ਅਤੇ ਕੰਪਨੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਸਮਾਜਿਕ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਅੱਗੇ ਆਉਣ।




