ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ‘ਕਹਾਣੀ ਦਰਬਾਰ’ ਦਾ ਆਯੋਜਨ
ਅਜ਼ਾਦੀ ਦਾ 75 ਵਾਂ ਅੰਮ੍ਰਿਤ ਮਹਾਂਉਤਸਵ -

ਮੋਗਾ, 29 ਮਈ ( Charanjit Singh ) ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਸੁਤੰਤਰਤਾ ਸੰਗਰਾਮੀ ਭਵਨ, ਮੋਗਾ ਵਿਖੇ ‘ਕਹਾਣੀ ਦਰਬਾਰ’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ ਦੁਆਰਾ ਕੀਤੀ ਗਈ। ਸਮਾਗਮ ਵਿਚ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਉਂਕੇ, ਬਜ਼ਮ-ਏ-ਅਦਬ ਦੇ ਪ੍ਰਧਾਨ ਕਰਨਲ ਬਾਬੂ ਸਿੰਘ, ਪ੍ਰਸਿੱਧ ਸ਼ਾਇਰ ਅਤੇ ਭਾਸ਼ਾ ਸ਼ਾਸਤਰੀ ਸ. ਅਮਰ ਸੂਫ਼ੀ ਅਤੇ ਸੁਤੰਤਰਤਾ ਸੰਗਰਾਮੀ ਭਵਨ ਦੇ ਮੁੱਖ ਸੰਚਾਲਕ ਗੁਰਚਰਨ ਸਿੰਘ ਸੰਘਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਸਭ ਨੂੰ ਜੀ ਆਇਆਂ ਆਖਦਿਆਂ ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਦੀ ਵਧਾਈ ਸਾਂਝੀ ਕੀਤੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਸਮਾਗਮ ਨੂੰ ਅੱਗੇ ਤੋਰਿਆ। ਸਮਾਗਮ ਵਿਚ ਸ਼ਾਮਿਲ ਕਹਾਣੀਕਾਰਾਂ ਵਿਚੋਂ ਗੁਰਮੀਤ ਕੜਿਆਲਵੀ ਦੁਆਰਾ ਕਹਾਣੀ ‘ਨਿੱਕੇ ਅੰਬਰ ‘ਤੇ ਵੱਡੀ ਉਡਾਰੀ’, ਜਸਵੀਰ ਕਲਸੀ ਦੁਆਰਾ ਕਹਾਣੀ ‘ਉਤਰਾਅ ਚੜ੍ਹਾਅ’, ਪਰਮਜੀਤ ਚੂਹੜਚੱਕ ਦੁਆਰਾ ਕਹਾਣੀ ‘ਰਖੇਲ’ ਅਤੇ ਰਾਜਵਿੰਦਰ ਰਾਜਾ ਦੁਆਰਾ ਕਹਾਣੀ ‘ਮੌਲੇ ਬਲਦ’ ਦਾ ਪਾਠ ਕੀਤਾ ਗਿਆ। ਕਹਾਣੀਆਂ ਉਪਰ ਚੱਲੀ ਵਿਚਾਰ-ਚਰਚਾ ਵਿਚ ਅਮਰ ਸੂਫ਼ੀ, ਲੈਕਚਰਾਰ ਕੁਲਵੰਤ ਸਿੰਘ, ਅਸ਼ੋਕ ਚਟਾਨੀ, ਮੋਹੀ ਅਮਰਜੀਤ ਸਿੰਘ, ਇਕਬਾਲ ਸਿੰਘ ਕੋਮਲ ਅਤੇ ਦਰਸ਼ਨ ਸੰਘਾ ਦੁਆਰਾ ਹਿੱਸਾ ਲਿਆ ਗਿਆ।
ਮੋਗਾ ਇਲਾਕੇ ਵਿਚ ਇਹ ਆਪਣੇ ਆਪ ਵਿਚ ਇਕ ਨਿਵੇਕਲਾ ਸਮਾਗਮ ਸੀ ਜੋ ਕੇ ਬੇਹੱਦ ਸਫਲ ਰਿਹਾ। ਹਾਜ਼ਰ ਸਰੋਤਿਆਂ ਨੇ ਬਹੁਤ ਇਕਾਗਰਤਾ ਨਾਲ ਕਹਾਣੀਆਂ ਦਾ ਆਨੰਦ ਮਾਣਿਆ। ਅਖੀਰ ਵਿਚ ਸ਼੍ਰੋਮਣੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਸਮੁੱਚੇ ਸਮਾਗਮ ਉੱਪਰ ਟਿੱਪਣੀ ਕਰਦਿਆਂ ਕਿਹਾ ਕਿ ਗੁਰਮੀਤ ਕੜਿਆਲਵੀ ਇਸ ਸਮੇਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਨਵੇਂ ਮਿਆਰ ਸਥਾਪਿਤ ਕਰ ਰਿਹਾ ਹੈ। ਅੱਜ ਦੇ ਸਮਾਗਮ ਵਾਂਗ ਨਵੇਂ ਤਜਰਬੇ ਕੀਤੇ ਜਾਣੇ ਬਹੁਤ ਜ਼ਰੂਰੀ ਹਨ ਤਾਂ ਜੋ ਸਾਹਿਤ ਪ੍ਰੇਮੀਆਂ ਵਿਚ ਸਾਹਿਤਕ ਸਮਾਗਮਾਂ ਪ੍ਰਤੀ ਦਿਲਚਸਪੀ ਦਾ ਪ੍ਰਸਾਰ ਹੋ ਸਕੇ। ਉਨ੍ਹਾਂ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਨੂੰ ਇਸ ਪਹਿਲਕਦਮੀ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਇਹ ਲੜੀ ਜਾਰੀ ਰੱਖਣ ਲਈ ਸ਼ੁਭ ਕਾਮਨਾਵਾਂ ਦਿੱਤਿੀਆਂ। ਸਮਾਗਮ ਵਿਚ ਸਰਬਜੀਤ ਕੌਰ ਮਾਹਲਾ, ਬੇਅੰਤ ਕੌਰ ਗਿੱਲ, ਨਰਿੰਦਰ ਰੋਹੀ, ਗੁਰਮੀਤ ਰੱਖੜਾ ਕੜਿਆਲ, ਰਣਜੀਤ ਸਰਾਂਵਾਲੀ, ਧਾਮੀ ਗਿੱਲ, ਜਸਵਿੰਦਰ ਕੁਮਾਰ, ਜੰਗੀਰ ਸਿੰਘ ਖੋਖਰ, ਮਾਸਟਰ ਪ੍ਰੇਮ ਕੁਮਾਰ, ਦਿਲਬਾਗ ਬੁੱਕਣਵਾਲਾ ਅਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।





