ਜ਼ਿਲਾ ਮੋਗਾ ਵਿੱਚ 53326 ਲਾਭਪਾਤਰੀ ਲੈ ਰਹੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ
ਯੋਗ ਲਾਭਪਾਤਰੀ ਯੋਜਨਾ ਦਾ ਲਾਭ ਲੈਣ ਲਈ ਨੇੜਲੀ ਗੈਸ ਏਜੰਸੀ ਨਾਲ ਸੰਪਰਕ ਕਰਨ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ

ਮੋਗਾ, 29 ਮਈ ( Charanjit Singh ) ਪੂਰੇ ਦੇਸ਼ ਵਿੱਚ ਆਜ਼ਾਦੀ ਦੇ 75ਵੇਂ ਸਾਲ ਉੱਤੇ ਅਮਿ੍ਰਤ ਮਹਾਉਤਸਵ ਦੇ ਮੌਕੇ ਉਤੇ ਦੇਸ਼ ਵਾਸੀ ਆਪਣੇ ਆਪਣੇ ਪੱਧਰ ਉੱਤੇ ਖੁਸ਼ੀਆਂ ਮਨਾ ਰਹੇ ਹਨ। ਇਸ ਮੌਕੇ ਦੇਸ਼ ਵਾਸੀਆਂ ਨੂੰ ਦੇਸ਼ ਵਿੱਚ ਲੋਕ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਹਿੱਤ ਯੋਜਨਾਵਾਂ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਨਾਂ ਯੋਜਨਾਵਾਂ ਦਾ ਲਾਭ ਲੈ ਸਕਣ। ਇਸ ਸੰਬੰਧੀ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰ. ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲਾ ਮੋਗਾ ਵਿੱਚ 53326 ਲਾਭਪਾਤਰੀ ਪ੍ਰ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ ਲੈ ਰਹੇ ਹਨ।
ਉਹਨਾਂ ਕਿਹਾ ਕਿ ਇਸ ਯੋਜਨਾ ਅਧੀਨ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਨੂੰ ਬਿਲਕੁਲ ਮੁਫ਼ਤ ਕੁਨੈਕਸ਼ਨ ਦਿੱਤਾ ਜਾਂਦਾ ਹੈ। ਬਸ਼ਰਤੇ ਕੁਨੈਕਸ਼ਨ ਅਪਲਾਈ ਕਰਨ ਵੇਲੇ ਪਰਿਵਾਰ ਦੇ ਨਾਮ ਉੱਤੇ ਪਹਿਲਾਂ ਕੋਈ ਵੀ ਕੁਨੈਕਸ਼ਨ ਨਹੀਂ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਹਰੇਕ ਸਿਲੰਡਰ ਦੀ ਰੀਫਿਲਿੰਗ ਉੱਤੇ 200 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਆਮ ਵਿਅਕਤੀ ਨੂੰ ਮਾਰਕੀਟ ਵਿੱਚ ਨਵਾਂ ਕੁਨੈਕਸ਼ਨ ਕਰੀਬ 1600 ਰੁਪਏ ਦਾ ਮਿਲਦਾ ਹੈ। ਉਨਾਂ ਯੋਗ ਲਾਭਪਾਤਰੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਲਾਭ ਲੈਣ ਲਈ ਆਪਣੀ ਨੇੜਲੀ ਗੈਸ ਏਜੰਸੀ ਨਾਲ ਸੰਪਰਕ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਸਾਡੇ ਦੇਸ਼ ਵਿੱਚ, ਗਰੀਬਾਂ ਦੀ ਰਸੋਈ ਗੈਸ (ਐੱਲਪੀਜੀ) ਤੱਕ ਸੀਮਤ ਪਹੁੰਚ ਸੀ। ਐਲਪੀਜੀਸਿਲੰਡਰਾਂ ਦਾ ਫੈਲਾਅ ਮੁੱਖ ਤੌਰ ’ਤੇ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਰਿਹਾ ਹੈ, ਜਿਸ ਵਿੱਚ ਜਿਆਦਾਤਰ ਮੱਧ ਵਰਗ ਅਤੇ ਅਮੀਰ ਪਰਿਵਾਰਾਂ ਵਿੱਚ ਕਵਰੇਜ ਹੈ। ਪਰ ਜੈਵਿਕ ਇੰਧਨ ਦੇ ਅਧਾਰ ’ਤੇ ਖਾਣਾ ਪਕਾਉਣ ਨਾਲ ਜੁੜੇ ਸਿਹਤ ਦੇ ਗੰਭੀਰ ਖਤਰੇ ਹਨ। ਵਿਸ਼ਵ ਸਿਹਤ ਸੰਗਠਨ ਅਨੁਮਾਨਾਂ ਅਨੁਸਾਰ, ਇਕੱਲੇ ਭਾਰਤ ਵਿੱਚ ਹੀ ਲਗਭਗ 5 ਲੱਖ ਮੌਤਾਂ ਖਾਣਾ ਪਕਾਉਣ ਵਾਲੇ ਗੰਦੇ ਬਾਲਣਾਂ ਕਾਰਨ ਹੋਈਆਂ ਹਨ। ਇਨਾਂ ਵਿੱਚੋਂ ਜਿਆਦਾਤਰ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ – ਜਿਵੇਂ ਕਿ ਦਿਲ ਦੀ ਬਿਮਾਰੀ, ਸਟ੍ਰੋਕ, ਫੇਫੜਿਆਂ ਦੀ ਬਿਮਾਰੀ ਅਤੇ ਫੇਫੜਿਆਂ ਦੇ ਕੈਂਸਰ ਕਰਕੇ ਹੋਈਆਂ ਸਨ। ਅੰਦਰੂਨੀ ਹਵਾ ਪ੍ਰਦੂਸ਼ਣ ਛੋਟੇ ਬੱਚਿਆਂ ਵਿੱਚ ਸਾਹ ਦੀਆਂ ਬਿਮਾਰੀਆਂ ਦੀ ਇੱਕ ਮਹੱਤਵਪੂਰਨ ਸੰਖਿਆ ਵਾਸਤੇ ਵੀ ਜਿੰਮੇਵਾਰ ਹੈ। ਮਾਹਿਰਾਂ ਮੁਤਾਬਕ ਰਸੋਈ ਚ ਖੁੱਲੀ ਅੱਗ ਲੱਗਣਾ ਇਕ ਘੰਟੇ ’ਚ 400 ਸਿਗਰਟਾਂ ਨੂੰ ਸਾੜਨ ਦੇ ਬਰਾਬਰ ਹੈ।
ਉਨਾਂ ਕਿਹਾ ਕਿ ਬੀਪੀਐੱਲ ਪਰਿਵਾਰਾਂ ਨੂੰ ਐੱਲ ਪੀ ਜੀ ਕੁਨੈਕਸ਼ਨ ਪ੍ਰਦਾਨ ਕਰਨ ਨਾਲ ਦੇਸ਼ ਵਿੱਚ ਰਸੋਈ ਗੈਸ ਦੀ ਸਰਬਵਿਆਪੀ ਕਵਰੇਜ਼ ਯਕੀਨੀ ਹੋ ਰਹੀ ਹੈ। ਇਹ ਉਪਾਅ ਔਰਤਾਂ ਨੂੰ ਸ਼ਕਤੀਸ਼ਾਲੀ ਬਣਾ ਰਿਹਾ ਹੈ ਅਤੇ ਉਨਾਂ ਦੀ ਸਿਹਤ ਦੀ ਰੱਖਿਆ ਕਰ ਰਿਹਾ ਹੈ। ਇਹ ਖਾਣਾ ਪਕਾਉਣ ’ਤੇ ਬਿਤਾਏ ਜਾਂਦੇ ਸਮੇਂ ਨੂੰ ਘਟਾ ਦਿੰਦਾ ਹੈ। ਇਸ ਨਾਲ ਗ੍ਰਾਮੀਣ ਨੌਜਵਾਨਾਂ ਨੂੰ ਰਸੋਈ ਗੈਸ ਦੀ ਸਪਲਾਈ ਲੜੀ ਵਿੱਚ ਰੋਜ਼ਗਾਰ ਵੀ ਮਿਲ ਰਿਹਾ ਹੈ।
ਉੱਜਵਲਾ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਐੱਲ. ਪੀ. ਜੀ. ਦੇ ਸੁਰੱਖਿਅਤ ਉਪਯੋਗ ’ਤੇ ਜੋਰ ਦਿੱਤਾ ਜਾ ਰਿਹਾ ਹੈ। ਐਲ.ਪੀ.ਜੀ. ਦੇ ਕਲਪਨਾ ਕੀਤੇ ਲਾਭਾਂ ਨੂੰ ਕੇਵਲ ਤਾਂ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਜੇ ਸੁਰੱਖਿਅਤ ਅਤੇ ਜਿੰਮੇਵਾਰ ਵਰਤੋਂ ਹੋਵੇ। ਕਨੈਕਸ਼ਨ ਜਾਰੀ ਕੀਤੇ ਜਾਣ ਦੇ ਸਮੇਂ, ਹਰੇਕ ਗਾਹਕ ਨੂੰ ਇੱਕ ਸੁਰੱਖਿਆ ਕਾਰਡ ਦਿੱਤਾ ਜਾਂਦਾ ਹੈ ਜੋ ਗੈਸ ਦੀ ਵਰਤੋਂ ਕਰਨ ਸੰਬੰਧੀ ਹਦਾਇਤਾਂ ਤੋਂ ਜਾਣੂ ਕਰਾਉਂਦਾ ਹੈ। ਇੱਕ ਸਿਖਲਾਈ ਪ੍ਰਾਪਤ ਮਕੈਨਿਕ ਐਲ.ਪੀ.ਜੀ. ਸਿਲੰਡਰ ਦੀ ਸਥਾਪਨਾ ਕਰਦਾ ਹੈ ਅਤੇ ਗਾਹਕ ਨੂੰ ਇਸ ਗੱਲ ਦਾ ਡੈਮੋ ਵੀ ਦਿੰਦਾ ਹੈ ਕਿ ਐਲ.ਪੀ.ਜੀ. ਦੀ ਸੁਰੱਖਿਅਤ ਤਰੀਕੇ ਨਾਲ ਵਰਤੋਂ ਕਿਵੇਂ ਕਰਨੀ ਹੈ। ਇਸ ਤੋਂ ਇਲਾਵਾ ਸਾਰੇ ਐਲ. ਪੀ. ਜੀ. ਡਿਸਟ੍ਰੀਬਿਊਟਰਾਂ ਨੂੰ ਆਪਣੇ-ਆਪਣੇ ਸੰਚਾਲਨ ਖੇਤਰ ਵਿੱਚ ‘ਸੁਰੱਖਿਆ ਕਲੀਨਿਕਾਂ’ ਦਾ ਸੰਚਾਲਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ, ਖਾਸ ਕਰਕੇ ਨਵੇਂ ਐਲ.ਪੀ.ਜੀ. ਗਾਹਕਾਂ ਲਈ। ਗਾਹਕਾਂ ਨੂੰ ਇੱਕ ਹੈਲਪਲਾਈਨ ਨੰਬਰ ਵੀ ਦਿੱਤਾ ਜਾਂਦਾ ਹੈ ਜਿੱਥੇ ਉਹ ਲੀਕ ਹੋਣ ਜਾਂ ਕਿਸੇ ਹੋਰ ਐਲ.ਪੀ.ਜੀ. ਨਾਲ ਸਬੰਧਿਤ ਐਮਰਜੈਂਸੀ ਦੀ ਸੂਰਤ ਵਿੱਚ ਕਾਲ ਕਰ ਸਕਦੇ ਹਨ।




