
ਮੋਗਾ, 23 ਅਗਸਤ ( ਚਰਨਜੀਤ ਸਿੰਘ )
ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ, 2022 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਕੀਤੀ ਜਾਣੀ ਹੈੇ। ਇਸ ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫ਼ਸਰ ਸ੍ਰੀ ਹਰਚਰਨ ਸਿੰਘ ਮੋਗਾ ਨੇ ਜਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਵਿੱਚ ਵਧੀਕ ਜਿਲ੍ਹਾ ਚੋਣ ਅਫ਼ਸਰ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਸਾਲ 2022 ਦੀ ਪਹਿਲੀ ਤਿਮਾਹੀ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣੀਆਂ ਸੰਭਵ ਹਨ। ਕਰੋਨਾ ਮਹਾਂਮਾਰੀ ਕਾਰਨ ਇਸ ਵਾਰ ਚੋਣਾਂ ਦੌੋਰਾਨ ਹਰੇਕ ਪੋਲਿੰਗ ਸਟੇਸ਼ਨ ਉੱਪਰ 1200 ਵੋਟਰ ਤੋਂ ਵੱਧ ਵੋਟਰ ਨਹੀਂ ਹੋਣਗੇ। ਇਸ ਲਈ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਕੀਤੀ ਜਾ ਰਹੀ ਹੈ। ਜਿਨ੍ਹਾਂ ਪੋਲਿੰਗ ਸਟੇਸ਼ਨਾਂ ਤੇ 1200 ਤੋ ਂਵੱਧ ਵੋਟਾਂ ਹਨ ਉਨ੍ਹਾਂ ਦੀ ਐਡਜਸਟਮੈਂਟ ਕੀਤੀ ਜਾ ਰਹੀ ਹੈ ਅਤੇ ਨਵੇਂ ਪੋਲਿੰਗ ਸਟੇਸ਼ਨ ਵੀ ਬਣਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਜਿਵੇਂ ਕਿ 71-ਨਿਹਾਲ ਸਿੰਘ ਵਾਲਾ ਵਿੱਚ 07, 72-ਬਾਘਾਪੁਰਾਣਾ ਵਿੱਚ 18, 73-ਮੋਗਾ ਵਿੱਚ 34, 74-ਧਰਮਕੋਟ ਵਿੱਚ 13 ਅਤੇ ਜਿਲ੍ਹਾ ਮੋਗਾ ਵਿੱਚ ਕੁੱਲ 72 ਬੂਥਾਂ ਦੀ ਐਡਜਸਟਮੈਂਟ ਕੀਤੀ ਗਈ ਹੈ। ਜਿਸ ਦੀ ਕਟ ਆਫ਼ ਲਿਮਟ 1200 ਵੋਟਰ ਰੱਖੀ ਗਈ ਹੈ। ਜਿਲ੍ਹੇ ਵਿੱਚ ਪਹਿਲਾਂ ਕੁੱਲ 773 ਪੋਲਿੰਗ ਸਟੇਸ਼ਨ ਸਨ, ਹੁਣ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵੱਧ ਕੇ 803 ਹੋ ਗਈ ਹੈ। ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਪੋਲਿੰਗ ਬੂਥ ਤੇ ਇੱਕ-ਇੱਕ ਬੂਥ ਲੈਵਲ ਏਜੰਟ ਨਿਯੁਕਤ ਕਰਨ ਸਬੰਧੀ ਹਦਾਇਤ ਵੀ ਜਾਰੀ ਕੀਤੀ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਜਿਲ੍ਹਾ ਮੋਗਾ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕੇ 71-ਨਿਹਾਲ ਸਿੰਘ ਵਾਲਾ ਦੇ ਕੁੱਲ ਵੋਟਰਾਂ ਦੀ ਗਿਣਤੀ 1,94,282, 72-ਬਾਘਾਪੁਰਾਣਾ ਦੇ ਕੁੱਲ ਵੋਟਰਾਂ ਦੀ ਗਿਣਤੀ 1,68,685, 73-ਮੋਗਾ ਦੇ ਕੁੱਲ ਵੋਟਰਾਂ ਦੀ ਗਿਣਤੀ 1,99,409, ਚੋਣ ਹਲਕਾ 74-ਧਰਮਕੋਟ ਦੇ ਕੁੱਲ ਵੋਟਰਾਂ ਦੀ ਗਿਣਤੀ 1,77,236 ਅਤੇ ਜਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 7,39,612 ਹੈ।
ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਚੋਣ ਤਹਿਸੀਲਦਾਰ ਬਰਜਿੰਦਰ ਸਿੰਘ, ਦਰਬਾਰਾ ਸਿੰਘ ਦਫਤਰ ਇੰਚਾਰਜ ਕਾਂਗਰਸ ਪਾਰਟੀ, ਕੁਲਦੀਪ ਸਿੰਘ ਸਰਪਰਸਤ ਅਕਾਲੀ ਦਲ ਪਾਰਟੀ, ਬੋਹੜ ਸਿੰਘ ਜਰਨਲ ਸੈਕਟਰੀ ਬੀ.ਜੇ.ਪੀ.ਪਾਰਟੀ ਮੋਗਾ, ਅਮਿਤ ਪੁਰੀ ਆਮ ਆਦਮੀ ਪਾਰਟੀ, ਕੁਲਦੀਪ ਭੋਲਾ ਸੀ.ਪੀ.ਆਈ.ਪਾਰਟੀ, ਗੁਰਪ੍ਰੀਤ ਸਿੰਘ ਕੰਬੋਂ ਜਿਲ੍ਹਾ ਪ੍ਰਧਾਨ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ ਪੰਜਾਬ ਸੀ.ਪੀ.ਆਈ.ਐਮ. ਪਾਰਟੀ ਦੇ ਨੁਮਾਇੰਦੇ ਅਤੇ ਇਲੈਕਸ਼ਨ ਸਟਾਫ ਵੀ ਹਾਜਰ ਸੀ। 





