
ਮੋਗਾ, 20 ਅਗਸਤ ( ਚਰਨਜੀਤ ਸਿੰਘ ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਰਜ਼ਾ ਰਾਹਤ ਯੋਜਨਾ ਦਾ ਅੱਜ ਪੰਜਵਾਂ ਗੇੜ੍ਹ ਸ਼ੁਰੂ ਹੋ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਿਕ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਸ ਗੇੜ੍ਹ ਦੀ ਆਰੰਭਤਾ ਕਰਵਾਈ। ਇਸ ਤਰ੍ਹਾਂ ਜ਼ਿਲ੍ਹਾ ਮੋਗਾ ਦੇ ਵੀ 119 ਸਹਿਕਾਰੀ ਸਭਾਵਾਂ ਦੇ 17416 ਬੇਜ਼ਮੀਨੇ ਖੇਤ ਕਾਮਿਆਂ ਅਤੇ ਕਾਸ਼ਤਕਾਰਾਂ ਦਾ 16 ਕਰੋੜ, 93 ਲੱਖ, 67 ਹਜ਼ਾਰ, 606.50 ਰੁਪਏ ਦਾ ਕਰਜ਼ਾ ਮੁਆਫ਼ ਹੋ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਇਆ, ਜਿਸ ਦੀ ਪ੍ਰਧਾਨਗੀ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਕਾਕਾ ਲੋਹਗੜ੍ਹ ਨੇ ਦੱਸਿਆ ਕਿ ਪੰਜਵੇਂ ਗੇੜ੍ਹ ਤਹਿਤ ਹਲਕਾ ਧਰਮਕੋਟ ਦੇ 1225 ਕਿਸਾਨਾਂ ਦਾ 1,18,25,481.50 ਰੁਪਏ ਦਾ, ਬਾਘਾਪੁਰਾਣਾ ਦੇ 3478 ਕਿਸਾਨਾਂ ਦਾ 3,52,54,865 ਰੁਪਏ ਦਾ, ਮੋਗਾ ਦੇ 2646 ਕਿਸਾਨਾਂ ਦਾ 2,64,02,829 ਰੁਪਏ ਦਾ ਅਤੇ ਨਿਹਾਲ ਸਿੰਘ ਵਾਲਾ ਦੇ 10067 ਕਿਸਾਨਾਂ ਦਾ 9,58,84,431 ਰੁਪਏ ਦਾ ਕਰਜ਼ਾ ਮੁਆਫ਼ ਹੋਇਆ ਹੈ। ਜੌ ਕਿ ਬੇਜ਼ਮੀਨੇ ਖੇਤ ਕਾਮਿਆਂ ਅਤੇ ਕਾਸ਼ਤਕਾਰਾਂ ਦੀ ਬਹੁਤ ਵੱਡੀ ਆਰਥਿਕ ਮਦਦ ਹੈ।
ਸ੍ਰ ਕਾਕਾ ਲੋਹਗੜ੍ਹ ਨੇ ਦੱਸਿਆ ਕਿ ਹੁਣ ਕਰੀਬ 3 ਲੱਖ ਪਰਿਵਾਰਾਂ ਨੂੰ ਕਰਜ਼ੇ ਤੋਂ ਰਾਹਤ ਮਿਲੇਗੀ ਅਤੇ ਉਹ ਨਵੇਂ ਸਿਰਿਉਂ ਕਰਜ਼ੇ ਲੈਣ ਦੇ ਯੋਗ ਵੀ ਹੋ ਜਾਣਗੇ। ਪੰਜਾਬ ਸਰਕਾਰ ਵੱਲੋਂ ਕਿਸਾਨ ਕਰਜ਼ਾ ਰਾਹਤ ਸਕੀਮ ਦੇ ਚਾਰ ਪੜਾਵਾਂ ਤਹਿਤ ਪਹਿਲਾਂ ਹੀ 5.85 ਲੱਖ ਕਿਸਾਨਾਂ ਨੂੰ ਕਰੀਬ 4700 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਅਤੇ ਭਲਾਈ ਤੇ ਖ਼ੁਸ਼ਹਾਲੀ ਲਈ ਵਚਨਬੱਧ ਹੈ।
ਸਮਾਗਮ ਦੌਰਾਨ ਸਾਰੇ ਹਲਕਿਆਂ ਦੇ ਲਾਭਪਾਤਰੀਆਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ੍ਹ ਚੜਿੱਕ, ਸਹਾਇਕ ਕਮਿਸ਼ਨਰ ਸ੍ਰ ਗੁਰਬੀਰ ਸਿੰਘ ਕੋਹਲੀ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ।




