ਠੰਢੇ ਬਸਤੇ ਵੱਲ਼ ਜਾ ਰਹੀ ਮੇਰਾ ਘਰ ਮੇਰੇ ਨਾਮ ਸਕੀਮ ਤੇ ਸਮਾਜ ਸੇਵੀ ਤੇ ਆਰਟੀਆਈ ਐਕਟੀਵਿਸਟ ਨੇ ਚੁੱਕੇ ਸਵਾਲ…..
ਜਦੋਂ ਇਹ ਸਕੀਮ ਸ਼ੁਰੂ ਹੀ ਨਹੀਂ ਹੋਈ ਤਾਂ ਚੰਨੀ ਸਾਹਿਬ ਨੇ ਸਾਰੇ ਪੰਜਾਬ ਵਿੱਚ ਲੱਗੀਆਂ ਫਲੈਕਸਾਂ ਤੇ ਫੋਟੋ ਕਿਸ ਦੀ ਲਗਵਾ ਦਿੱਤੀ :ਖੇੜਾ

ਮੋਗਾ,7 ਫਰਵਰੀ (ਸੰਦੀਪ ਸ਼ਰਮਾਂ)- ਮੁੱਖ ਮੰਤਰੀ ਪੰਜਾਬ ਸਰਕਾਰ ਚਰਨਜੀਤ ਸਿੰਘ ਜੀ ਚੰਨੀ ਵੱਲੋਂ ਮਿਤੀ 11 ਅਕਤੂਬਰ 2021 ਨੂੰ ਮੇਰਾ ਘਰ ਮੇਰੇ ਨਾਮ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਹ ਘੋਸ਼ਣਾ ਕੀਤੀ ਗਈ ਸੀ ਕਿ ਪੰਜਾਬ ਰਾਜ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਲ ਲਕੀਰ ਅਧੀਨ ਰਹਿੰਦੇ ਵਸਨੀਕਾਂ ਨੂੰ ਉਹਨਾਂ ਦੀਆਂ ਪ੍ਰੋਪਰਟੀਆਂ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ। ਇਸ ਸਕੀਮ ਨੂੰ ਗਰਾਊਂਡ ਲੈਵਲ ਤੇ ਚੈਕ ਕਰਨ ਲਈ ਮੋਗਾ ਦੇ ਉੱਘੇ ਸਮਾਜ ਸੇਵੀ ਵਿਸ਼ੇਸ਼ ਖੇੜਾ ਨੇ ਮਿਤੀ 16 ਨਵੰਬਰ 2021 ਅਤੇ 10 ਜਨਵਰੀ 2022 ਨੂੰ ਆਰ.ਟੀ.ਆਈ ਐਕਟ 2005 ਅਧੀਨ ਡਿਪਟੀ ਕਮੀਸ਼ਨਰ ਦਫਤਰ,ਮੋਗਾ ਅਤੇ ਤਹਿਸੀਲਦਾਰ ਦਫਤਰ,ਮੋਗਾ ਤੋਂ ਜਾਣਕਾਰੀ ਮੰਗੀ ਸੀ ਕਿ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਜੋ ਵੀ ਪੱਤਰ ਮਾਲ ਤੇ ਪੁਨਰਵਾਸ ਵਿਭਾਗ,ਮੁਰੱਬਾਬੰਦੀ ਸ਼ਾਖਾ, ਚੰਡੀਗੜ ਤੋਂ ਤਹਿਸੀਲਦਾਰ ਦਫਤਰ ਮੋਗਾ ਵਿਖੇ ਪ੍ਰਾਪਤ ਹੋਇਆ ਹੈ, ਉਸ ਦਾ ਤਸਦੀਕਸ਼ੁਦਾ ਵਿਵਰਣ ਦਿੱਤਾ ਜਾਵੇ ਅਤੇ ਇਸ ਸਕੀਮ ਲਾਭ ਲੈਣ ਲਈ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ। ਇਸ ਸੰਬੰਧ ਵਿੱਚ ਮਿਤੀ 02 ਫਰਵਰੀ 2022 ਨੂੰ ਜਾਣਕਾਰੀ ਇਹ ਮਿਲੀ ਕਿ ਜ਼ਿਲ੍ਹਾ ਗੁਰਦਾਸਪੁਰ,ਬਠਿੰਡਾ ਅਤੇ ਰੂਪਨਗਰ ਵਿੱਚ ਇਹ ਸਕੀਮ ਲਾਗੂ ਨਹੀਂ ਹੈ ਅਤੇ 11 ਅਕਤੂਬਰ 2021 ਨੂੰ ਰਾਜ ਦੇ ਸਮੂਹ ਡਿਪਟੀ ਕਮੀਸ਼ਨਰਾਂ ਨੂੰ ਇੱਕ ਸਾਂਝਾ ਪੱਤਰ ਜਾਰੀ ਕੀਤਾ ਗਿਆ ਸੀ,ਜਿਸ ਵਿੱਚ ਇਹ ਲਿਖਿਆ ਹੋਇਆ ਹੈ ਕਿ ਪੰਜਾਬ ਰਾਜ ਦੇ ਪਿੰਡਾਂ ਵਿੱਚ ਅਬਾਦੀ ਦੇਹ ਅੰਦਰ ਆਉਣ ਵਾਲੀਆਂ ਜਾਇਦਾਦਾਂ ਦਾ ਪੰਜਾਬ ਸਰਕਾਰ ਵੱਲ਼ੋਂ ਮਿਸ਼ਨ ਲਾਲ ਲਕੀਰ ਅਧੀਨ ਮਾਲਕੀ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ ਦੀ ਪੰਜਾਬ ਅਬਾਦੀ ਦੇਹ (ਰਿਕਾਰਡ ਆਫ ਰਾਈਟਜ਼) ਐਕਟ, 2021 ਬਣਾਇਆ ਗਿਆ ਹੈ। ਹਰ ਜ਼ਿਲ੍ਹੇ ਦੇ ਡਿਪਟੀ ਕਮੀਸ਼ਨਰ ਨੂੰ ਆਪਣੇ ਜ਼ਿਲ੍ਹੇ ਵਿੱਚ ਆਉਂਦੇ ਅਬਾਦੀ ਦੇਹ ਖੇਤਰਾਂ ਵਾਲੇ ਪਿੰਡਾਂ ਦੀ ਸੂਚਨਾ ਅੰਗਰੇਜ਼ੀ ਵਿੱਚ ਭੇਜਣ ਨੂੰ ਕਿਹਾ ਗਿਆ । ਮੋਗਾ ਜ਼ਿਲ੍ਹਾ ਦੀ ਜਾਣਕਾਰੀ ਮਿਤੀ 21 ਦਸੰਬਰ 2021 ਨੂੰ ਪੱਤਰ ਨੰਬਰ 2025 ਰਾਹੀਂ ਭੇਜ ਦਿੱਤੀ ਗਈ। ਆਰ.ਟੀ.ਆਈ ਐਕਟੀਵਿਸਟ ਵਿਸ਼ੇਸ਼ ਖੇੜਾ ਵੱਲੋਂ ਕਿਹਾ ਗਿਆ ਕਿ ਚੰਨੀ ਸਾਹਿਬ ਨੇ ਇਹ ਸਕੀਮ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੀ ਲਾਲ ਲਕੀਰ ਵਾਲੀ ਪ੍ਰੋਪਰਟੀ ਵਾਸਤੇ ਲਾਗੂ ਕੀਤੀ ਸੀ। ਪੱਤਰ ਹਾਲੇ ਸਿਰਫ ਪਿੰਡਾਂ ਵਾਸਤੇ ਜਾਰੀ ਹੋਇਆ ਹੈ, ਦੂਸਰਾ ਮਾਲ ਅਤੇ ਪੁਨਰਵਾਸ ਵਿਭਾਗ ਨੇ 30 ਨਵੰਬਰ 2021 ਤੱਕ ਇਸ ਸਕੀਮ ਤੇ ਕੰਮ ਕਰਨ ਵਾਲੇ 3 ਕੰਸਲਟੈਂਟਾਂ ਦੀ ਭਰਤੀ ਠੇਕੇ ਤੇ ਕਰਨ ਲਈ ਫਾਰਮ ਮੰਗੇ ਸੀ, ਜਿਸ ਦਾ ਰਿਜ਼ਲਟ ਹਾਲੇ ਤੱਕ ਨਹੀਂ ਆਇਆ । ਇਹ ਸਾਰੀ ਜਾਣਕਾਰੀ ਮਾਲ ਅਤੇ ਪੁਨਰਵਾਸ ਵਿਭਾਗ ਦੀ ਵੈਬਸਾਈਟ ਤੇ ਉਪਲੱਬਧ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਚੌਣ ਜਾਬਤਾ ਲਾਗੂ ਹੋ ਗਿਆ। ਵਿਸ਼ੇਸ਼ ਖੇੜਾ ਨੇ ਦੱਸਿਆ ਕਿ ਜੇਕਰ ਇਹ ਸਕੀਮ ਤੇ ਗਰਾਊਂਡ ਲੈਵਲ ਤੇ ਕੋਈ ਕੰਮ ਹੀ ਨਹੀਂ ਹੋਇਆ ਤਾਂ ਸਾਰੇ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਚੰਨੀ ਸਾਹਿਬ ਨਾਲ ਕਿਸ ਦੀਆਂ ਫੋਟੋਆਂ ਲੱਗੀਆਂ। ਹੁਣ ਪੰਜਾਬ ਵਿੱਚ ਜਿਹੜੀ ਵੀ ਸਰਕਾਰ ਬਣੇਗੀ ਕਿ ਉਹ ਇਸ ਸਕੀਮ ਨੂੰ ਸਹੀ ਤਰੀਕੇ ਨਾਲ ਲਾਗੂ ਕਰੇਗੀ ਜਾਂ ਇਹ ਸਕੀਮ ਠੰਢੇ ਬਸਤੇ ਵਿੱਚ ਪੈ ਜਾਵੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਖ਼ਬਰ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਲਗਾਈ ਜਾਵੇ ਜੀ।





