ਜ਼ਿਲਾ ਮੋਗਾ ਦੇ ਲੋਕਾਂ ਵਿੱਚ ਵੈਕਸੀਨੇਸ਼ਨ ਪ੍ਰਤੀ ਦਿਨੋਂ ਦਿਨ ਵਧ ਰਿਹੈ ਉਤਸ਼ਾਹ ,ਇੱਕ ਦਿਨ ਵਿੱਚ 5924 ਲੋਕਾਂ ਨੇ ਲਗਵਾਈ ਵੈਕਸੀਨ
ਰੋਜ਼ਾਨਾ 10 ਹਜ਼ਾਰ ਤੋਂ ਵਧੇਰੇ ਵੈਕਸੀਨ ਲਗਾਉਣ ਦਾ ਟੀਚਾ ਪ੍ਰਾਪਤ ਕੀਤਾ ਜਾਵੇ - ਹਰੀਸ਼ ਨਈਅਰ

ਮੋਗਾ, 7 ਦਸੰਬਰ (Charanjit Singh) ਵਿਸ਼ਵ ਭਰ ਵਿੱਚ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਲਗਾਤਾਰ ਬਲ ਮਿਲ ਰਿਹਾ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਹੁਣ ਜ਼ਿਲਾ ਮੋਗਾ ਦੇ ਲੋਕਾਂ ਵਿੱਚ ਵੈਕਸੀਨੇਸ਼ਨ ਪ੍ਰਤੀ ਉਤਸ਼ਾਹ ਵੀ ਦਿਨੋਂ ਦਿਨ ਵਧ ਰਿਹਾ ਹੈ। ਬੀਤੇ ਦਿਨੀਂ ਮਿਤੀ 6 ਦਸੰਬਰ ਨੂੰ ਜ਼ਿਲਾ ਮੋਗਾ ਵਿੱਚ 5924 ਲੋਕਾਂ ਨੇ ਵੈਕਸੀਨੇਸ਼ਨ ਕਰਵਾਈ ਜੋ ਕਿ ਇੱਕ ਬਹੁਤ ਹੀ ਚੰਗਾ ਸੰਕੇਤ ਹੈ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਕੋਵਿਡ ਵੈਕਸੀਨੇਸ਼ਨ ਦੀ ਪ੍ਰਗਤੀ ਬਾਰੇ ਸਮੀਖਿਆ ਕਰਨ ਲਈ ਜ਼ਿਲਾ ਪੱਧਰੀ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਸ੍ਰੀ ਨਈਅਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਮੈਦਾਨੀ ਪੱਧਰ ਉੱਤੇ ਕੰਮ ਕਰ ਰਹੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਜ਼ਿਲਾ ਮੋਗਾ ਵਾਸੀਆਂ ਨੂੰ ਕੋਵਿਡ ਦੀ ਤੀਜੀ ਲਹਿਰ ਤੋਂ ਹਰ ਹੀਲੇ ਬਚਾਇਆ ਜਾਵੇ। ਇਸ ਲਈ ਸਭ ਤੋਂ ਜਿਆਦਾ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਵੈਕਸੀਨੇਸ਼ਨ ਕੀਤੀ ਜਾਵੇ। ਉਨਾਂ ਇੱਕ ਦਿਨ ਵਿੱਚ 5924 ਲੋਕਾਂ ਨੂੰ ਵੈਕਸੀਨ ਲਗਾਉਣ ਲਈ ਸਿਹਤ ਵਿਭਾਗ ਦੀ ਪਿੱਠ ਥਾਪੜਦਿਆਂ ਉਮੀਦ ਪ੍ਰਗਟਾਈ ਕਿ ਅਗਲੇ ਦਿਨਾਂ ਦੌਰਾਨ ਇਹ ਅੰਕੜਾ 10 ਹਜ਼ਾਰ ਵੈਕਸੀਨ ਪ੍ਰਤੀ ਦਿਨ ਤੱਕ ਅੱਪੜ ਜਾਵੇਗਾ। ਉਨਾਂ ਕਿਹਾ ਕਿ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਰੇ ਸਰਕਾਰੀ ਅਧਿਕਾਰੀ/ਕਰਮਚਾਰੀ ਆਪਣੀ ਮੁਕੰਮਲ ਵੈਕਸੀਨੇਸ਼ਨ ਕਰਾਉਣੀ ਯਕੀਨੀ ਬਣਾਉਣ।
ਮੀਟਿੰਗ ਦੌਰਾਨ ਜ਼ਿਲਾ ਟੀਕਾਕਰਨ ਅਫ਼ਸਰ ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ ਜ਼ਿਲਾ ਮੋਗਾ ਵਿੱਚ ਇਸ ਵੇਲੇ 18 ਸਾਲ ਤੋਂ ਉੱਪਰ ਵਾਲੇ ਵਾਸੀਆਂ ਦੀ ਗਿਣਤੀ 811469 ਹੈ, ਜਿਸ ਵਿੱਚੋਂ 564514 (76 ਫੀਸਦੀ) ਲੋਕਾਂ ਨੇ ਪਹਿਲੀ ਡੋਜ਼ ਅਤੇ 246955 (33 ਫੀਸਦੀ) ਲੋਕਾਂ ਨੇ ਦੂਜੀ ਡੋਜ਼ ਲਗਵਾ ਲਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ 10 ਦਿਨਾਂ ਵਿੱਚ ਆਬਾਦੀ ਦਾ ਵੱਡਾ ਹਿੱਸਾ ਇਹ ਵੈਕਸੀਨ ਲਗਵਾ ਲਵੇਗਾ।
ਸ਼੍ਰੀ ਨਈਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲਾ ਮੋਗਾ ਵਿੱਚ ਨਿੱਜੀ ਵਪਾਰਕ ਅਦਾਰਿਆਂ ਦੀ ਸਹਾਇਤਾ ਨਾਲ ਲੱਗਣ ਵਾਲੇ ਦੋ ਆਕਸੀਜਨ ਪਲਾਂਟ ਜਲਦੀ ਤੋਂ ਜਲਦੀ ਚਾਲੂ ਕਰਵਾਏ ਜਾਣ ਤਾਂ ਜੋ ਭਵਿੱਖ ਵਿੱਚ ਆਕਸੀਜਨ ਦੀ ਕਮੀ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਆਸ਼ਾ ਵਰਕਰਾਂ ਦੀ ਚੱਲ ਰਹੀ ਹੜਤਾਲ ਨੂੰ ਧਿਆਨ ਵਿੱਚ ਰੱਖਦਿਆਂ ਹਦਾਇਤ ਕੀਤੀ ਕਿ ਹੁਣ ਆਂਗਣਵਾੜੀ ਵਰਕਰਾਂ ਸਿਹਤ ਵਿਭਾਗ ਦੀ ਸਹਾਇਤਾ ਕਰਨਗੀਆਂ। ਉਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਲੋਕਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਤ ਕਰਨਗੀਆਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ ਜਲਦ ਤੋਂ ਜਲਦ ਕਰਵਾਈ ਜਾ ਸਕੇ।
ਉਨਾਂ ਜ਼ਿਲਾ ਵਾਸੀਆਂ ਨੂੰ ਅਗਾਹ ਕੀਤਾ ਕਿ ਕਰੋਨਾ ਦਾ ਨਵਾਂ ਸਾਹਮਣੇ ਆਇਆ ਰੂਪ ‘ਓਮਿਕਰੋਨ‘ ਅਜੇ ਤੱਕ ਦਾ ਸਭ ਤੋਂ ਵੱਧ ਫੈਲਾਅ ਵਾਲਾ ਕੋਰੋਨਾਵਾਇਰਸ ਸਿੱਧ ਹੋ ਸਕਦਾ ਹੈ। ਓਮਿਕਰੋਨ ਬਾਰੇ ਸ਼ੁਰੂਆਤੀ ਡਾਟੇ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਰੂਪ ਬਹੁਤ ਹੀ ਥੋੜੇ ਸਮੇਂ ਵਿੱਚ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਵਿੱਚ ਵਿਆਪਕ ਹੋ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਬਹੁਤ ਸਾਰੇ ਪਰਿਵਰਤਨ ਇਸ ਦੇ ਫੈਲਾਅ ਵਿੱਚ ਭੂਮਿਕਾ ਨਿਭਾ ਸਕਦੇ ਹਨ। ਇਸਦੇ ਫੈਲਾਅ ਦੇ ਪਹਿਲੇ ਕੁਝ ਦਿਨਾਂ ਵਿੱਚ ਓਮਿਕਰੋਨ ਡੈਲਟਾ ਨਾਲੋਂ ਤੇਜ਼ੀ ਨਾਲ ਫੈਲ ਸਕਦਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਜ਼ਿਲਾ ਵਾਸੀਆਂ ਨੂੰ ਕਰੋਨਾ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਰੋਨਾ ਖਿਲਾਫ਼ ਇਸ ਲੜਾਈ ਵਿੱਚ ਮੁੜ ਤੋਂ ਤਨਦੇਹੀ ਨਾਲ ਜੁੱਟ ਜਾਣ ਦੀ ਹਦਾਇਤ ਕੀਤੀ ਹੈ।
ਉਹਨਾਂ ਕਿਹਾ ਕਿ ਹੁਣ ਤੋਂ ਐੱਸ ਡੀ ਐੱਮਜ਼ ਅਤੇ ਐੱਸ ਐੱਮ ਓਜ਼ ਸੈਂਪਲਿੰਗ ਅਤੇ ਟੀਕਾਕਰਨ ਦੀ ਖੁਦ ਨਿਗਰਾਨੀ ਕਰਨਗੇ ਅਤੇ ਰੋਜ਼ਾਨਾ ਦੀ ਰਿਪੋਰਟ ਨਿੱਜ਼ੀ ਤੌਰ ਉੱਤੇ ਡਿਪਟੀ ਕਮਿਸ਼ਨਰ ਨੂੰ ਭੇਜਣਗੇ। ਉਹਨਾਂ ਆਦੇਸ਼ ਦਿੱਤੇ ਕਿ ਪੁਲਿਸ ਨਾਕਿਆਂ ਉੱਤੇ ਸੈਂਪਲਿੰਗ ਅਤੇ ਟੀਕਾਕਰਨ ਮੁੜ ਸ਼ੁਰੂ ਕੀਤੀ ਜਾਵੇ ਤਾਂ ਜੌ ਗਿਣਤੀ ਵਿਚ ਵਾਧਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਸਹਾਇਤਾ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਨੋਡਲ ਅਫ਼ਸਰ ਵੀ ਲਾਏ ਗਏ ਹਨ ਜੋ ਕਿ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਰਾਬਤਾ ਰੱਖਣਗੇ। ਮੀਟਿੰਗ ਵਿੱਚ ਹਾਜ਼ਰ ਸਿਵਲ ਸਰਜਨ ਡਾਕਟਰ ਹਤਿੰਦਰ ਕੌਰ ਕਲੇਰ ਨੇ ਭਰੋਸਾ ਦਿੱਤਾ ਕਿ ਕਰੋਨਾ ਦੇ ਇਸ ਨਵੇਂ ਰੂਪ ਨੂੰ ਜ਼ਿਲਾ ਮੋਗਾ ਵਿੱਚ ਆਉਣ ਨਹੀਂ ਦਿੱਤਾ ਜਾਵੇਗਾ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰ ਹਰਚਰਨ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।




