ਅਨੋਖੇ ਅਜੂਬੇਅਪਰਾਧਸਿੱਖਿਆਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਦੁਰਘਟਨਾਦੇਸ਼ਧਰਮਫੋਟੋ ਗੈਲਰੀਰਾਜਰਾਜਨੀਤੀਵਪਾਰ
ਕਰੋਨਾ ਦਾ ਨਵਾਂ ਰੂਪ ਓਮਿਕਰੋਨ ਹੁਣ ਤੱਕ ਦਾ ਸਭ ਤੋਂ ਫੈਲਣ ਵਾਲਾ ਕੋਰੋਨਾਵਾਇਰਸ ਰੂਪ ਸਿੱਧ ਹੋ ਸਕਦਾ
ਪੁਲਿਸ ਨਾਕਿਆਂ ਉੱਤੇ ਸੈਂਪਲਿੰਗ ਅਤੇ ਟੀਕਾਕਰਨ ਮੁੜ ਸ਼ੁਰੂ ਕਰਨ ਦੇ ਆਦੇਸ਼

ਮੋਗਾ, 2 ਦਸੰਬਰ ( Charanjit Singh ) ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਦੱਸਿਆ ਹੈ ਕਿ ਕਰੋਨਾ ਦਾ ਨਵਾਂ ਸਾਹਮਣੇ ਆਇਆ ਰੂਪ ‘ਓਮਿਕਰੋਨ’ ਅਜੇ ਤੱਕ ਦਾ ਸਭ ਤੋਂ ਵੱਧ ਫੈਲਾਅ ਵਾਲਾ ਕੋਰੋਨਾਵਾਇਰਸ ਸਿੱਧ ਹੋ ਸਕਦਾ ਹੈ। ਓਮਿਕਰੋਨ ਬਾਰੇ ਸ਼ੁਰੂਆਤੀ ਡਾਟੇ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਰੂਪ ਬਹੁਤ ਹੀ ਥੋੜੇ ਸਮੇਂ ਵਿੱਚ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਵਿੱਚ ਵਿਆਪਕ ਹੋ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਬਹੁਤ ਸਾਰੇ ਪਰਿਵਰਤਨ ਇਸ ਦੇ ਫੈਲਾਅ ਵਿੱਚ ਭੂਮਿਕਾ ਨਿਭਾ ਸਕਦੇ ਹਨ।ਇਸਦੇ ਫੈਲਾਅ ਦੇ ਪਹਿਲੇ ਕੁਝ ਦਿਨਾਂ ਵਿੱਚ ਓਮਿਕਰੋਨ ਡੈਲਟਾ ਨਾਲੋਂ ਤੇਜ਼ੀ ਨਾਲ ਫੈਲ ਸਕਦਾ ਹੈ।
ਉਹ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕਰੋਨਾ ਦੀ ਮੌਜੂਦਾ ਸਥਿਤੀ ਬਾਰੇ ਅਧਿਕਾਰੀਆਂ ਨਾਲ ਰਿਵਿਊ ਕਰ ਰਹੇ ਸਨ। ਉਹਨਾਂ ਕਿਹਾ ਕਿ ਭਾਵੇਂ ਕਿ ਭਾਰਤ ਨੇ ਹੁਣ ਤੱਕ ਓਮਿਕਰੋਨ ਦੇ ਕਿਸੇ ਵੀ ਮਾਮਲੇ ਦਾ ਪਤਾ ਨਹੀਂ ਲਗਾਇਆ ਹੈ ਪਰ ਵਿਸ਼ਵ ਦੇ 23 ਦੇਸ਼ਾਂ ਵਿਚ ਪੈਰ ਪਸਾਰ ਚੁੱਕੇ ਇਸ ਨਵੇਂ ਰੂਪ ਦਾ ਭਾਰਤ ਵਿਚ ਆਉਣਾ ਵੀ ਤੈਅ ਹੈ। ਭਾਰਤ ਸਰਕਾਰ ਨੇ ‘ਜੋਖਮ’ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਜਾਂ ਆਉਣ-ਜਾਣ ਵਾਲੇ ਯਾਤਰੀਆਂ ਲਈ ਪਹਿਲਾਂ ਹੀ ਸਖਤ ਦਿਸ਼ਾ-ਨਿਰਦੇਸ਼ ਲਾਗੂ ਕਰ ਦਿੱਤੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਕਰੋਨਾ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਰੋਨਾ ਖ਼ਿਲਾਫ਼ ਇਸ ਲੜਾਈ ਵਿੱਚ ਮੁੜ ਤੋਂ ਤਨਦੇਹੀ ਨਾਲ ਜੁੱਟ ਜਾਣ ਦੀ ਹਦਾਇਤ ਕੀਤੀ ਹੈ।
ਉਹਨਾਂ ਕਿਹਾ ਕਿ ਹੁਣ ਤੋਂ ਐੱਸ ਡੀ ਐੱਮਜ਼ ਅਤੇ ਐੱਸ ਐੱਮ ਓਜ਼ ਸੈਂਪਲਿੰਗ ਅਤੇ ਟੀਕਾਕਰਨ ਦੀ ਖੁਦ ਨਿਗਰਾਨੀ ਕਰਨਗੇ ਅਤੇ ਰੋਜ਼ਾਨਾ ਦੀ ਰਿਪੋਰਟ ਨਿੱਜ਼ੀ ਤੌਰ ਉੱਤੇ ਡਿਪਟੀ ਕਮਿਸ਼ਨਰ ਨੂੰ ਭੇਜਣਗੇ। ਉਹਨਾਂ ਆਦੇਸ਼ ਦਿੱਤੇ ਕਿ ਪੁਲਿਸ ਨਾਕਿਆਂ ਉੱਤੇ ਸੈਂਪਲਿੰਗ ਅਤੇ ਟੀਕਾਕਰਨ ਮੁੜ ਸ਼ੁਰੂ ਕੀਤੀ ਜਾਵੇ ਤਾਂ ਜੌ ਗਿਣਤੀ ਵਿਚ ਵਾਧਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨੋਡਲ ਅਫ਼ਸਰ ਵੀ ਲਾਏ ਗਏ ਹਨ।
ਮੀਟਿੰਗ ਵਿੱਚ ਹਾਜ਼ਰ ਕਾਰਜਕਾਰੀ ਸਿਵਲ ਸਰਜਨ ਡਾਕਟਰ ਰਾਜੇਸ਼ ਅਤਰੀ ਨੇ ਭਰੋਸਾ ਦਿੱਤਾ ਕਿ ਕਰੋਨਾ ਦੇ ਇਸ ਨਵੇਂ ਰੂਪ ਨੂੰ ਜ਼ਿਲ੍ਹਾ ਮੋਗਾ ਵਿੱਚ ਆਉਣ ਨਹੀਂ ਦਿੱਤਾ ਜਾਵੇਗਾ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰ ਹਰਚਰਨ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।




