ਵੈਕਸੀਨੇਸ਼ਨ ਸਟਾਫ ਨੂੰ ਸ਼ਨਿਚਰਵਾਰ ਅਤੇ ਐਤਵਾਰ ਦੀ ਬਿਜਾਏ ਹਫਤੇ ਦੇ ਹੋਰ ਦਿਨਾਂ ਵਿੱਚ ਮਿਲੇਗੀ ਛੁੱਟੀ

ਤਾਜਾ ਖਬਰਾਂ ਤਾਜ਼ਾ ਖਬਰਾਂ ਦੁਰਘਟਨਾ ਰਾਜ ਰਾਜਨੀਤੀ ਵਪਾਰ
ਢੁੱਡੀਕੇ (ਮੋਗਾ), 17 ਨਵੰਬਰ (Charanjit Singh ) – ਪੰਜਾਬ ਸਰਕਾਰ ਦੇ ਆਦੇਸ਼ ਉੱਤੇ ਜ਼ਿਲ੍ਹਾ ਮੋਗਾ ਵਿੱਚ ਹਰੇਕ ਜ਼ਿਲ੍ਹਾ ਵਾਸੀ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਦਾ ਕੰਮ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਯਤਨ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਕੜੀ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਹਰਚਰਨ ਸਿੰਘ ਵੱਲੋਂ ਅਚਨਚੇਤ ਕਮਿਊਨਿਟੀ ਹੈਲਥ ਸੈਂਟਰ ਢੁੱਡੀਕੇ ਦਾ ਦੌਰਾ ਕੀਤਾ ਗਿਆ।
ਸ੍ਰ ਹਰਚਰਨ ਸਿੰਘ ਨੇ ਹਸਪਤਾਲ ਦੇ ਸਟਾਫ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 30 ਨਵੰਬਰ, 2021 ਤੱਕ ਹਰੇਕ ਜ਼ਿਲ੍ਹਾ ਵਾਸੀ ਦੀ ਵੈਕਸੀਨੇਸ਼ਨ ਕਰਾਉਣੀ ਲਾਜ਼ਮੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਲੇ ਟੀਚੇ ਤਹਿਤ 30 ਨਵੰਬਰ ਤੱਕ ਹਰੇਕ ਯੋਗ ਜ਼ਿਲ੍ਹਾ ਵਾਸੀ ਦੇ ਪਹਿਲਾ ਟੀਕਾ ਅਤੇ ਦੂਜੇ ਟੀਕੇ ਲਈ ਨਿਰਧਾਰਤ ਸਮੇਂ ਪੂਰਾ ਕਰ ਚੁੱਕੇ ਵਿਅਕਤੀ ਦੇ ਦੂਜਾ ਟੀਕਾ ਲੱਗਿਆ ਹੋਣਾ ਚਾਹੀਦਾ ਹੈ। ਇਹ ਟੀਚਾ ਪੂਰਾ ਕਰਨ ਲਈ ਜੰਗੀ ਪੱਧਰ ਉੱਤੇ ਉਪਰਾਲੇ ਕਰਨ ਦੀ ਲੋੜ੍ਹ ਹੈ।
ਉਹਨਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਵੈਕਸੀਨੇਸ਼ਨ ਸਟਾਫ ਨੂੰ ਸ਼ਨਿਚਰਵਾਰ ਅਤੇ ਐਤਵਾਰ ਦੀ ਬਿਜਾਏ ਹਫਤੇ ਦੇ ਹੋਰ ਦਿਨਾਂ ਵਿੱਚ ਛੁੱਟੀ ਮਿਲੇਗੀ। ਉਕਤ ਦੋਵੇਂ ਦਿਨਾਂ ਦੌਰਾਨ ਵੱਧ ਤੋਂ ਵੱਧ ਵੈਕਸੀਨੇਸ਼ਨ ਕੀਤੀ ਜਾਵੇਗੀ। ਸ੍ਰ ਹਰਚਰਨ ਸਿੰਘ ਨੇ ਸੈਂਟਰ ਦੇ ਮੁਖੀ ਨੂੰ ਹਦਾਇਤ ਕੀਤੀ ਕਿ ਉਹ ਯਕੀਨੀ ਬਨਾਉਣ ਕਿ ਵੈਕਸੀਨੇਸ਼ਨ ਦੀ ਸਮਾਂ ਸਾਰਣੀ ਤਿਆਰ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਾਂਝੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਕੰਮ ਲਈ ਆਸ਼ਾ ਵਰਕਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਵੀ ਸਹਾਇਤਾ ਲਈ ਜਾਵੇ। ਲੋਕਾਂ ਦਾ ਸਹਿਯੋਗ ਲੈਣ ਲਈ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ।
ਡਾਕਟਰਾਂ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਢੁੱਡੀਕੇ ਅਧੀਨ 26 ਸਬ ਸੈਂਟਰ, 52 ਪਿੰਡ ਅਤੇ 1.50 ਲੱਖ ਲੋਕਾਂ ਦੀ ਆਬਾਦੀ ਪੈਂਦੀ ਹੈ। ਜਿਹਨਾਂ ਨੂੰ ਕਵਰ ਕਰਨ ਲਈ ਰੋਜ਼ਾਨਾ ਵੱਧ ਤੋਂ ਵੱਧ ਟੀਕਾਕਰਨ ਕੀਤਾ ਜਾ ਰਿਹਾ ਹੈ। ਉਹਨਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਿਰਧਾਰਤ ਕੀਤੇ ਗਏ ਟੀਚੇ ਨੂੰ ਹੈ ਹੀਲੇ ਪੂਰਾ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਅਤੇ ਸੈਂਟਰ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਹੋਰ ਵੀ ਹਾਜ਼ਰ ਸਨ।
Fast News Punjab