ਜੌਗਰਫ਼ੀ ਟੀਚਰਜ਼ ਯੂਨੀਅਨ ਵੱਲੋਂ ਸਿੱਖਿਆ ਮੰਤਰੀ, ਡੀ.ਜੀ.ਐੱਸ.ਈ ਤੇ ਡੀ.ਪੀ.ਆਈ ਨਾਲ ਮੁਲਾਕਾਤ
ਪਦਉੱਨਤੀਆਂ ਦੀ ਸੂਚੀ ਜਾਰੀ ਕਰਨ ਦੀ ਮੰਗ

ਮੋਗਾ 4 ਨਵੰਬਰ ( ਚਰਨਜੀਤ ਸਿੰਘ)ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜੌਗਰਫੀ ਵਿਸ਼ੇ ਦੇ ਲੈਕਚਰਾਰਾਂ ਦੀ ਘਾਟ, ਭੂਗੋਲ (ਜੌਗਰਫੀ) ਪ੍ਰਯੋਗਸ਼ਾਲਾਵਾਂ ਦਾ ਨਾ ਹੋਣਾ, ਹੋਰਨਾਂ ਵਿਸ਼ਿਆਂ ਦੇ ਮੁਕਾਬਲੇ ਇਸ ਵਿਸ਼ੇ ਦੇ ਅਧਿਆਪਕਾਂ ਦੀਆਂ ਪਦਉੱਨਤੀਆਂ ਨਾ ਕਰਨ ਅਤੇ ਨਵੇਂ ਅਪਗ੍ਰੇਡ ਕੀਤੇ ਜਾ ਰਹੇ ਸਕੂਲਾਂ ਵਿੱਚ ਜੌਗਰਫੀ ਲੈਕਚਰਾਰਾਂ ਦੀ ਆਸਾਮੀਆਂ ਦੇਣ ਦੇ ਮੁੱਦੇ ਨੂੰ ਲੈ ਕੇ ਜੌਗਰਫੀ ਪੋਸਟ ਗਰੈਜੂਏਟ ਟੀਚਰਜ਼ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ, ਚੀਫ ਮਨਿਸਟਰ ਐਵਾਰਡੀ ਪੰਜਾਬ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸਰਕਾਰ ਪ੍ਰਦੀਪ ਅਗਰਵਾਲ ਅਤੇ ਸੁਖਜੀਤਪਾਲ ਸਿੰਘ ਡੀਪੀਆਈ ਸਕੂਲਾਂ ਪੰਜਾਬ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤੇ। ਵਫ਼ਦ ਨੇ ਉਕਤ ਮੁੱਦਿਆਂ ਨੂੰ ਡੀ.ਜੀ.ਐਸ.ਈ ਸ਼੍ਰੀ ਅਗਰਵਾਲ ਜੀ ਕੋਲ ਉਠਾਉਣ ’ਤੇ ਇਹਨਾਂ ਬਾਰੇ ਤੱਥਾਂ ਦੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਮੌਜੂਦਾ ਸਮੇਂ ਜੌਗਰਫੀ ਵਿਸ਼ੇ ਦੀਆਂ ਕੁੱਲ ਮੰਨਜੂਰਸ਼ੁਦਾ 357 ਆਸਾਮੀਆਂ ਵਿੱਚੋਂ 170 ਖਾਲੀ ਹਨ। ਜਿੰਨ੍ਹਾਂ ਉੱਪਰ ਪਿਛਲੇ ਸਮੇਂ ਬਾਕੀ ਵਿਸ਼ਿਆਂ ਦੀ ਤੁਲਨਾ ਵਿੱਚ ਪਦਉੱਨਤੀਆਂ ਨਹੀਂ ਕੀਤੀਆਂ ਗਈਆਂ ਅਤੇ ਉਹਨਾਂ ਨੇ ਤੁਰੰਤ ਡੀ.ਪੀ.ਆਈ ਪੰਜਾਬ ਸੁਖਜੀਤਪਾਲ ਸਿੰਘ ਨੂੰ ਫੋਨ ਕਰਕੇ ਆਸਾਮੀਆਂ ਦੀ ਘਾਟ ਨੂੰ ਪੂਰਾ ਕਰਨ ਬਾਰੇ ਕਿਹਾ, ਬਾਅਦ ਵਿੱਚ ਵਫ਼ਦ ਨੇ ਡੀ.ਪੀ.ਆਈ ਨਾਲ ਵੀ ਮੁਲਾਕਾਤ ਕਰਕੇ ਵੇਰਵੇ ਸਹਿਤ ਮੰਗਾਂ ਵਿਚਾਰੀਆਂ ਜਿਸ ਤੇ ਡੀ.ਪੀ.ਆਈ ਨੇ ਜਲਦੀ ਪਦਉੱਨਤੀਆਂ ਕਰਨ ਦਾ ਭਰੋਸਾ ਦਿਵਾਇਆ। ਵਫ਼ਦ ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਨੂੰ ਵੀ ਮਿਲਿਆ ਅਤੇ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਸ ਵਿਸ਼ੇ ਨਾਲ ਲੰਬੇ ਸਮੇਂ ਤੋਂ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਵਿਸ਼ਿਆਂ ਦੀ ਵੰਡ ਵੇਲੇ ਇਸ ਵਿਸ਼ੇ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ ਅਤੇ ਵਰਤਮਾਨ ਸਮੇਂ ਵੀ ਜਿੱਥੇ ਬਾਕੀ ਵਿਸ਼ਿਆਂ ਦੀਆਂ ਚਾਰ-ਚਾਰ ਵਾਰ ਪਦਉੱਨਤੀਆਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਉੱਥੇ ਇਸ ਵਿਸ਼ੇ ਦੀਆਂ ਖਾਲੀ ਪਈਆਂ 170 ਆਸਾਮੀਆਂ ਨੂੰ ਪਦਉੱਨਤੀਆਂ ਰਾਹੀਂ ਨਹੀਂ ਭਰਿਆ ਜਾ ਰਿਹਾ ਹੈ ਅਤੇ ਜਿੰਨ੍ਹਾਂ ਸਕੂਲਾਂ ਵਿੱਚੋਂ ਡੀਮਾਂਡ ਆਈ ਹੈ ਅਤੇ ਜਿੱਥੇ ਬਿਨਾਂ ਲੈਕਚਰਾਰਾਂ ਤੋਂ ਬੱਚੇ ਜੌਗਰਫੀ ਵਿਸ਼ਾ ਪੜ੍ਹ ਰਹੇ ਹਨ, ਉਹਨਾਂ ਸਕੂਲਾਂ ਵਿੱਚ ਜੌਗਰਫ਼ੀ ਵਿਸ਼ੇ ਦੇ ਲੈਕਚਰਾਰਾਂ ਦੀਆਂ ਆਸਾਮੀਆਂ ਮੰਨਜ਼ੂਰ ਕੀਤੀਆਂ ਜਾਣ। ਵਫ਼ਦ ਮੰਤਰੀ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਕਾਲਜਾਂ ਵਿੱਚ ਜੌਗਰਫੀ ਵਿਸ਼ੇ ਦੇ 43 ਪ੍ਰੋਫੈਸਰ ਭਰਤੀ ਕੀਤੇ ਜਾ ਰਹੇ ਹਨ ਪਰੰਤੂ ਉਹਨਾਂ ਕੋਲ ਵਿਦਿਆਰਥੀ ਤਾਂ ਸਕੂਲਾਂ ਵਿੱਚੋਂ ਹੀ ਜਾਣਗੇ। ਸਿੱਖਿਆ ਮੰਤਰੀ ਨੇ ਵਫ਼ਦ ਨੂੰ ਧਿਆਨ ਨਾਲ ਸੁਣਦਿਆਂ ਜੱਥੇਬੰਦੀ ਵੱਲੋਂ ਉਠਾਈਆਂ ਮੰਗਾਂ ਨੂੰ ਜਲਦੀ ਪੂਰੀਆਂ ਕਰਨ ਦਾ ਯਕੀਨ ਦਿਵਾਇਆ। ਵਫ਼ਦ ਵਿੱਚ ਸ਼੍ਰੀ ਸੁੱਖੀ ਤੋਂ ਇਲਾਵਾ ਸ਼ੰਕਰ ਲਾਲ ਬਠਿੰਡਾ, ਹਰਜੋਤ ਸਿੰਘ ਬਰਾੜ ਫ਼ਰੀਦਕੋਟ, ਗੁਰਵਿੰਦਰ ਸਿੰਘ ਸ਼੍ਰੀ ਫ਼ਤਿਹਗੜ੍ਹ ਸਾਹਿਬ, ਤੇਜਵੀਰ ਸਿੰਘ ਜਲਾਲਾਬਾਦ ਫਾਜ਼ਿਲਕਾ, ਅਵਤਾਰ ਸਿੰਘ ਸੰਗਰੂਰ, ਸਰਬਜੀਤ ਸਿੰਘ ਮੁਹਾਲੀ, ਮਨਦੀਪ ਸਿੰਘ ਲੁਧਿਆਣਾ, ਭਰਪੂਰ ਸਿੰਘ ਪਟਿਆਲਾ, ਸੁਰਿੰਦਰ ਕੁਮਾਰ ਜਲੰਧਰ ਅਤੇ ਗੁਰਵਿੰਦਰ ਸਿੰਘ ਸ਼੍ਰੀ ਮੁਕਤਸਰ ਸਾਹਿਬ ਵੀ ਸ਼ਾਮਿਲ ਸਨ।
ਕੈਪਸ਼ਨ: 1) ਜੌਗਰਫੀ ਟੀਚਰਜ਼ ਯੂਨੀਅਨ ਦਾ ਵਫ਼ਦ ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਨੂੰ ਮੰਗ ਪੱਤਰ ਸੌਂਪਦਾ ਹੋਇਆ।
2) ਸਿੱਖਿਆ ਮੰਤਰੀ ਨੂੰ ਮਿਲਣ ਉਪਰੰਤ ਜੌਗਰਫੀ ਟੀਚਰਜ਼ ਯੂਨੀਅਨ ਦਾ ਵਫ਼ਦ।
3) ਪੰਜਾਬ ਭਵਨ ਵਿਖੇ ਹਾਜਰ ਜੌਗਰਫ਼ੀ ਟੀਚਰਜ਼ ਯੂਨੀਅਨ ਦਾ ਵਫ਼ਦ।




