( ਚਰਨਜੀਤ ਸਿੰਘ )
ਭਿੰਡਰ ਕਲਾਂ: ਸ਼੍ਰੋਮਣੀ ਅਕਾਲੀ ਦਲ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਹਰ ਪਰਿਵਾਰ ਤੱਕ ਪਹੁੰਚ ਬਣਾਉਣ ਦੇ ਮਕਸਦ ਨਾਲ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਆਰੰਭੀ “ਹਰ ਘਰ ਅਕਾਲੀ ਦਲ” ਮੁਹਿੰਮ ਤਹਿਤ ਪਿੰਡ ਭਿੰਡਰ ਕਲਾਂ ਵਿਖੇ ਐਸ.ਸੀ. ਪਰਿਵਾਰਾਂ ਨਾਲ ਵਿਸ਼ੇਸ਼ ਰਾਬਤਾ ਕੀਤਾ ਗਿਆ। ਇਸ ਮੌਕੇ ਐਸ.ਸੀ. ਵਿੰਗ ਦੇ ਆਗੂਆਂ ਵੱਲੋਂ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਸਥਾਨਕ ਪੱਧਰ ’ਤੇ ਦਰਪੇਸ਼ ਮਸਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਗਈ।
ਇਸ ਮੌਕੇ ਸ. ਰਣਧੀਰ ਸਿੰਘ ਥਰਾਜ, ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਅਤੇ ਸ. ਸੁਰਜੀਤ ਸਿੰਘ ਲੁਹਾਰਾ, ਹਲਕਾ ਪ੍ਰਧਾਨ ਐਸ.ਸੀ. ਵਿੰਗ ਨੇ ਐਸ.ਸੀ. ਪਰਿਵਾਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦਾ ਮਕਸਦ ਹਰ ਵਰਗ ਅਤੇ ਹਰ ਪਰਿਵਾਰ ਨਾਲ ਸਿੱਧਾ ਸੰਪਰਕ ਕਾਇਮ ਕਰਕੇ ਉਨ੍ਹਾਂ ਦੀਆਂ ਗੱਲਾਂ ਨੂੰ ਸੁਣਨਾ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਪਾਰਟੀ ਪੱਧਰ ’ਤੇ ਉਠਾਉਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਰਕਾਰ ਬਣਨ ’ਤੇ ਲੋਕਾਂ ਦੀਆਂ ਜਾਇਜ਼ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ “ਹਰ ਘਰ ਅਕਾਲੀ ਦਲ” ਮੁਹਿੰਮ ਸਿਰਫ਼ ਸਿਆਸੀ ਸਰਗਰਮੀ ਨਹੀਂ, ਸਗੋਂ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਦਾ ਉਪਰਾਲਾ ਹੈ। ਇਸੇ ਤਹਿਤ ਹਲਕਾ ਧਰਮਕੋਟ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਐਸ.ਸੀ. ਭਾਈਚਾਰੇ ਸਮੇਤ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੂੰ ਪਿੰਡ ਪੱਧਰ ਤੱਕ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਦੌਰਾਨ ਪਰਿਵਾਰਾਂ ਵੱਲੋਂ ਵੀ ਪਾਰਟੀ ਆਗੂਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਵੱਖ-ਵੱਖ ਸਥਾਨਕ ਮਸਲਿਆਂ ਬਾਰੇ ਜਾਣੂ ਕਰਵਾਇਆ ਗਿਆ।
- ਇਸ ਮੌਕੇ ਇਕਬਾਲਦੀਪ ਸਿੰਘ ਹੈਰੀ, ਪਰਮਿੰਦਰ ਸਿੰਘ ਭੁੱਲਰ ਹਲਕਾ ਪ੍ਰਧਾਨ ਯੂਥ ਵਿੰਗ, ਅਵਤਾਰ ਸਿੰਘ ਨੱਥੋਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਐਸ.ਸੀ. ਵਿੰਗ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਸੁਖਮੰਦਰ ਸਿੰਘ, ਚਮਕੌਰ ਸਿੰਘ, ਤਰਸੇਮ ਸਿੰਘ, ਕਰਨਵੀਰ ਸਿੰਘ, ਬਲਜੀਤ ਸਿੰਘ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

