ਬਲਾਕ ਮੋਗਾ-1 ਬੁਂਘੀਪੁਰਾ ਵਿਖੇ ‘ਮਿਸ਼ਨ ਸਮਰੱਥ 4.0’ ਦਾ ਦੋ ਰੋਜ਼ਾ ਸਿਖਲਾਈ ਸੈਮੀਨਾਰ ਸਫਲਤਾਪੂਰਵਕ ਸੰਪੰਨ ਹੋਇਆ।
ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਨੇ ਸਿੱਖੀਆਂ ਆਧੁਨਿਕ ਤਕਨੀਕਾਂ; ਅਪ੍ਰੈਲ-ਮਈ 'ਚ ਦਿੱਤੀ ਜਾਵੇਗੀ ਰਿਮੀਡੀਅਲ ਕੋਚਿੰਗ

ਮੋਗਾ (22 ਜਨਵਰੀ) (charnjeet singh)
ਐਸ ਸੀ ਈਆਰ ਟੀ ਅਤੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਵਿੱਚ ਗੁਣਾਤਮਕ ਸੁਧਾਰ ਲਿਆਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ‘ਮਿਸ਼ਨ ਸਮਰੱਥ 4.0’ ਤਹਿਤ ਬਲਾਕ ਮੋਗਾ-1 ਦਾ ਦੋ ਰੋਜ਼ਾ ਪਹਿਲਾ ਪੜਾਅ ਅੱਜ ਸਫਲਤਾਪੂਰਵਕ ਮੁਕੰਮਲ ਹੋ ਗਿਆ। ਇਸ ਸੈਮੀਨਾਰ ਵਿੱਚ ਬਲਾਕ ਦੇ ਵੱਖ-ਵੱਖ ਸਕੂਲਾਂ ਤੋਂ ਤੀਸਰੀ, ਚੌਥੀ ਅਤੇ ਪੰਜਵੀਂ ਜਮਾਤ ਨੂੰ ਪੜ੍ਹਾਉਣ ਵਾਲੇ 45 ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਜਨਵਰੀ ਮਹੀਨੇ ਵਿੱਚ ਇਸ ਸਿਖਲਾਈ ਦਾ ਆਯੋਜਨ ਅਧਿਆਪਕ ਹਿੱਤ ਵਿੱਚ ਬਹੁਤ ਮਹੱਤਵਪੂਰਨ ਸਾਬਤ ਹੋ ਰਿਹਾ ਹੈ। ਅਕਾਦਮਿਕ ਸੈਸ਼ਨ ਦੇ ਇਸ ਅਹਿਮ ਪੜਾਅ ‘ਤੇ ਸਿਖਲਾਈ ਪ੍ਰਾਪਤ ਕਰਨ ਨਾਲ ਅਧਿਆਪਕਾਂ ਨੂੰ ਆਉਣ ਵਾਲੇ ਨਵੇਂ ਸੈਸ਼ਨ ਦੀ ਵਿਉਂਤਬੰਦੀ ਕਰਨ ਅਤੇ ਮੌਜੂਦਾ ਵਿਦਿਆਰਥੀਆਂ ਦੇ ਸਿੱਖਣ ਨਤੀਜਿਆਂ (Learning Outcomes) ਨੂੰ ਬਿਹਤਰ ਬਣਾਉਣ ਲਈ ਕਾਫੀ ਸਮਾਂ ਮਿਲੇਗਾ। ਸੈਮੀਨਾਰ ਦੇ ਦੂਸਰੇ ਦਿਨ ਐਸ.ਸੀ.ਈ.ਆਰ.ਟੀ. (S.C.E.R.T.) ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਨੁਮਾਇੰਦੇ ਰਿਸ਼ਭ ਮਿਸ਼ਰਾ ਨੇ ‘ਵਿਦਿਆਰਥੀਆਂ ਦੀ ਕਲਾਸਰੂਮ ਸ਼ਮੂਲੀਅਤ’ ਵਿਸ਼ੇ ‘ਤੇ ਅਹਿਮ ਸੈਸ਼ਨ ਲਿਆ। ਉਨ੍ਹਾਂ ਨੇ ਅਧਿਆਪਕਾਂ ਨੂੰ ਦੱਸਿਆ ਕਿ ਕਿਵੇਂ ਮਨੋਵਿਗਿਆਨਕ ਵਿਧੀਆਂ ਅਤੇ ਰੋਚਕ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ। ਸਿਖਲਾਈ ਦੌਰਾਨ ਮੁੱਖ ਤੌਰ ‘ਤੇ ਵਿਦਿਆਰਥੀਆਂ ਨੂੰ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਵਿੱਚ ਬੁਨਿਆਦੀ ਮੁਹਾਰਤ ਹਾਸਲ ਕਰਵਾਉਣ ‘ਤੇ ਜ਼ੋਰ ਦਿੱਤਾ ਗਿਆ। ਮਿਸ਼ਨ ਸਮਰੱਥ ਦੀਆਂ ਨੀਤੀਆਂ ਅਨੁਸਾਰ, ਨਵੇਂ ਸੈਸ਼ਨ ਦੇ ਸ਼ੁਰੂਆਤੀ ਮਹੀਨਿਆਂ (ਅਪ੍ਰੈਲ ਅਤੇ ਮਈ) ਵਿੱਚ ਪਛੜ ਰਹੇ ਵਿਦਿਆਰਥੀਆਂ ਲਈ ਰਿਮੀਡੀਅਲ ਕੋਚਿੰਗ ਸ਼ੁਰੂ ਕੀਤੀ ਜਾਵੇਗੀ। ਇਸ ਦਾ ਮੁੱਖ ਟੀਚਾ ਹਰੇਕ ਬੱਚੇ ਨੂੰ ਉਸ ਦੀ ਜਮਾਤ ਦੇ ਨਿਰਧਾਰਿਤ ਪੱਧਰ ਦੇ ਬਰਾਬਰ ਲਿਆਉਣਾ ਅਤੇ ਸਰਵਪੱਖੀ ਵਿਕਾਸ ਯਕੀਨੀ ਬਣਾਉਣਾ ਹੈ ਜਿਕਰਯੋਗ ਹੈ ਕਿ ਇਹ ਸੈਮੀਨਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਮੰਜੂ ਭਾਰਦਵਾਜ ਅਤੇ ਡਿਪਟੀ ਡੀ.ਈ.ਓ. ਨਿਸ਼ਾਨ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੇ ਗਏ। ਪ੍ਰਬੰਧਕੀ ਟੀਮ ਵਿੱਚ ਬੀ.ਪੀ.ਈ.ਓ. ਸੁਨੀਤਾ ਨਾਰੰਗ, ਜ਼ਿਲ੍ਹਾ ਕੋ-ਆਰਡੀਨੇਟਰ ਮਨਮੀਤ ਸਿੰਘ ਰਾਏ, ਸਹਾਇਕ ਕੋਆਰਡੀਨੇਟਰ , ਸੰਦੀਪ ਸਿੰਘ , ਬੀ.ਆਰ.ਸੀ. ਮਨੀਸ਼ ਅਰੋੜਾ ਅਤੇ ਦਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ| ਰਿਸੋਰਸ ਪਰਸਨ ਰਾਜਪਾਲ ਸਿੰਘ, ਨਿਰਮਲ ਸਿੰਘ, ਮਮਤਾ ਸ਼ਰਮਾ ਅਤੇ ਰੁਪਿੰਦਰ ਕੌਰ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਸਿਖਲਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਸ਼ ਕੁਮਾਰ ਗੋਇਲ, ਦਿਲਬਾਗ ਸਿੰਘ, ਮੁਹੰਮਦ ਰਿਆਜ਼, ਕਮਲਜੀਤ ਸਿੰਘ, ਹੈਪੀ ਸਿੰਘ, ਕਿਰਨਦੀਪ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਸੀਮਾ ਰਾਣੀ ਅਤੇ ਰੁਪਿੰਦਰ ਕੌਰ ਆਦਿ ਹਾਜ਼ਰ ਸਨ।





