ਜ਼ਿਲ੍ਹਾ ਮੋਗਾ ਵਿਚ 141 ਸਰਪੰਚ ਤੇ 1103 ਪੰਚ ਸਰਬਸੰਮਤੀ ਨਾਲ ਚੁਣੇ

ਮੋਗਾ, 8 ਅਕਤੂਬਰ (Charanjit Singh) -ਜ਼ਿਲ੍ਹਾ ਮੋਗਾ ਦੇ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਾਂ ਵਾਪਸੀ ਦੀ ਪ੍ਰਕਿਆ ਮੁਕੰਮਲ ਹੋਣ ਤੋਂ ਬਾਅਦ ਪੰਚਾਇਤ ਚੌਣਾਂ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡ ਦਿੱਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਹੈ ਕਿ ਜ਼ਿਲ੍ਹੇ ਵਿਚ 141 ਸਰਪੰਚ ਅਤੇ 1103 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।
ਉਹਨਾਂ ਦੱਸਿਆ ਕਿ ਬਲਾਕ ਮੋਗਾ 1 ਵਿਚ 14 ਸਰਪੰਚ ਅਤੇ 252 ਪੰਚ ਸਰਬਸੰਮਤੀ ਨਾਲ ਚੁਣੇ ਗਏ, ਇਸੇ ਤਰ੍ਹਾਂ ਬਲਾਕ ਮੋਗਾ 2 ਵਿੱਚ 14 ਸਰਪੰਚ ਅਤੇ 188 ਪੰਚ, ਬਲਾਕ ਬਾਘਾਪੁਰਾਣਾ ਵਿੱਚ 10 ਸਰਪੰਚ ਅਤੇ 25 ਪੰਚ, ਬਲਾਕ ਨਿਹਾਲ ਸਿੰਘ ਵਾਲਾ ਵਿੱਚ 6 ਸਰਪੰਚ ਅਤੇ 123 ਪੰਚ, ਬਲਾਕ ਕੋਟ ਈਸੇ ਖਾਂ ਵਿੱਚ 97 ਸਰਪੰਚ ਅਤੇ 515 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਵੋਟਾਂ 15.10.2024 (ਮੰਗਲਵਾਰ) ਨੂੰ ਬੈਲਟ ਬਕਸਿਆਂ ਰਾਹੀਂ ਸਵੇਰੇ 08.00 ਵਜੇ ਤੋਂ ਸ਼ਾਮ 4.00 ਵਜੇ ਤੱਕ ਪੈਣਗੀਆਂ। ਪੋਲਿੰਗ ਮੁਕੰਮਲ ਹੋਣ ਉਪਰੰਤ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ ‘ਤੇ ਹੀ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਸ੍ਰ ਗਰੇਵਾਲ ਨੇ ਦੱਸਿਆ ਕਿ ਆਮ ਪੰਚਾਇਤ ਚੋਣਾਂ ਨੂੰ ਸਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।




